Thursday, 4 August 2016

ਡੋਲੀ  ਵੇਲੇ ਦਾ ਵਿਦਾਈ ਗੀਤ:
ਚੱਲੀ ਮਾਂ ਦੀ ਲਾਡਲੀ..                                                     

ਚੱਲੀ ਮਾਂ ਦੀ ਲਾਡਲੀ  ਬਾਬਲ ਦਾ ਵਿਹੜਾ ਛੱਡ ਕੇ
ਦੁੱਧ-ਮੱਖਣਾਂ ਨਾਲ ਪਾਲੜੀ, ਤੁਰ ਚੱਲੀ ਜੇਰਾ ਕੱਢ ਕੇ

ਘਰ ਬਾਬਲ ਦਾ, ਰਾਜ ਧੀਆਂ ਦਾ ਹੋਇਆ ਅੱਜ ਬੇਗਾਨਾ
ਛੁੱਟਿਆ ਤਾਜ ਪਿਆਰਾਂ ਵਾਲਾ, ਬਚਪਨ ਜਿਹਾ ਖਜ਼ਾਨਾ
ਗੁੱਡੀਆਂ ਅਤੇ ਪਟੋਲੇ ਵੀ  ਰੋਂਦੇ ਨੇ ਬਾਹਵਾਂ ਕੱਢ ਕੇ
ਚੱਲੀ ਭੈਣ ਦੀ ਲਾਡਲੀ ਬਾਬਲ ਦਾ ਵਿਹੜਾ ਛੱਡ ਕੇ

ਵਿੱਛੜ  ਚੱਲੀ ਸਖੀ  ਤ੍ਰਿੰਜਣੋਂ, ਲੈ  ਸੂਹੀ ਫੁਲਕਾਰੀ
ਨਿੱਖੜ ਚੱਲੀ ਕੂੰਜ ਡਾਰ ’ਚੋਂ, ਜਿੱਧਰ ਚੋਗ ਖਿਲਾਰੀ
ਰੋਂਦੀ ਰੋਂਦੀ ਲੈ ਚੱਲੀ ਸਭ ਦਾ ਜਿਗਰਾ  ਵੱਢ ਕੇ
ਚੱਲੀ ਵੀਰ ਦੀ ਲਾਡਲੀ ਬਾਬਲ ਦਾ ਵਿਹੜਾ ਛੱਡ ਕੇ

ਲੱਭਣ ਚੱਲੀ ਮੀਤ ਦਿਲਾਂ ਦਾ, ਲਾਵਾਂ ਦੀ ਪਰਨਾਈ
ਢੂੰਢਣ ਚੱਲੀ ਮਾਨਸਰੋਵਰ, ਹੰਸਣੀ ਇੱਕ ਤਿਰਹਾਈ
ਖਾਬਾਂ  ਦੇ ਕਲ੍ਹੀਰੇ ਪਾ , ਯਾਦਾਂ ਦੀ ਮੋਹੜੀ ਗੱਡ ਕੇ
ਚੱਲੀ ਸਭ ਦੀ ਲਾਡਲੀ, ਬਾਬਲ ਦਾ ਵਿਹੜਾ ਛੱਡ ਕੇ

ਦੁੱਧ-ਮੱਖਣਾਂ ਨਾਲ ਪਾਲੜੀ,ਤੁਰ ਚੱਲੀ ਜੇਰਾ ਕੱਢ ਕੇ
ਚੱਲੀ ਮਾਂ ਦੀ ਲਾਡਲੀ  ਬਾਬਲ ਦਾ ਵਿਹੜਾ ਛੱਡ ਕੇ

No comments:

Post a Comment