Friday, 5 August 2016

ਜਾਂਦੀਏ  ਹਵਾਏ .. ਜਿੱਥੇ ਮੇਰੇ ਮਾਹੀ ਦਾ ਦੇਸ

ਜਾਂਦੀਏ  ਹਵਾਏ ! ਮੈਨੂੰ ਲੈ ਕੇ ਚੱਲ ਮਹਿਰਮੇਂ ਨੀ !
ਜਿੱਥੇ ਮੇਰੇ ਮਾਹੀ ਦਾ ਦੇਸ
ਉਹਦੇ ਬਿਨਾਂ ਓਪਰੇ ਨੇ ਹਾਰ ਤੇ ਸ਼ਿੰਗਾਰ ਸਾਨੂੰ
ਆਪਣਾ ਹੀ ਪਿੰਡ ਪਰਦੇਸ

ਰੋਕਿਆ ਨਾ ਕਾਹਤੋਂ ਪੈਰੀਂ ਪੈ ਕੇ ਮਾਹੀ ਜਾਂਦਾ ਜਾਂਦਾ
ਨਿੱਤ ਜਿੰਦ ਕਰਦੀ ਕਲੇਸ਼

ਨਿੱਤ ਅਸੀਂ  ਫੁੱਲਾਂ ਕੋਲੋਂ ਹਾਸੇ ਨੀ ਕੁਆਰੇ ਲੈ ਕੇ
ਹੰਝੂਆਂ ਦੇ ਮੁੱਲ ਦਿੰਦੇ ਵੇਚ

ਨਿੱਤ ਅਸੀਂ ਤਾਰਿਆਂ ਦੇ ਕੋਲ ਪਾਉਂਦੇ ਬਾਤ ਉਹਦੀ
ਉੱਤੇ ਲੈ ਕੇ ਦਰਦਾਂ ਦਾ ਖੇਸ

ਨਿੱਤ ਅਸੀਂ ਸਾਗਰਾਂ ਤੋਂ ਲੈ ਕੇ ਲੱਪ ਪਾਣੀਆਂ ਦੀ
ਨੈਣਾਂ ਵਿੱਚ ਲੈਂਦੇ ਹਾਂ ਸਮੇਟ

ਨਿੱਤ ਅਸੀਂ ਅੰਬਰਾਂ ਦੇ ਨਾਲ ਖਹਿ ਕੇ ਬੈਠਦੇ ਹਾਂ
ਬੱਦਲਾਂ ਦੀ ਲੈਂਦੇ ਹਾਂ ਸਲੇਟ

ਬਿਜਲੀ ਦੇ ਨਾਲ ਪਾਉਂਦੇ ਔਸੀਆਂ ਹਾਂ ਉਹਦੇ ਉੱਤੇ
ਕਣੀਆਂ ਦੇ ਨਾਲ ਦਿੰਦੇ ਮੇਟ

ਨਿੱਤ ਅਸੀਂ ਮੌਤ ਕੋਲੋਂ ਜ਼ਿੰਦਗੀ ਉਧਾਰੀ ਲੈ ਕੇ
ਉਹਦੇ ਰਾਹਾਂ ਵੱਲ ਲੈਂਦੇ ਦੇਖ
ਜਿਹਦੇ ਬਿਨਾਂ ਓਪਰੇ ਨੇ ਹਾਰ ਤੇ ਸ਼ਿੰਗਾਰ ਸਾਨੂੰ
ਆਪਣਾ ਹੀ ਪਿੰਡ ਪਰਦੇਸ


ਜਾਂਦੀਏ ਹਵਾਏ ! ਨੀਂ ਜਾਂਦੀਏ ਹਵਾਏ...

No comments:

Post a Comment