Thursday, 4 August 2016

ਸਰਹੱਦ ਦੇ ਰਾਖਿਆਂ ਦੇ ਦਰਦ                 
 ਚੂੜੀਆਂ ਛਣਕਣਾ ਭੁੱਲ ਗਈਆਂ......

ਫੌਜੀ: ਨੀਂ ਮੈਂ ਸਾਲ ਪਿੱਛੋਂ ਛੁੱਟੀ ਆਇਆ ਗੋਰੀਏ !
        ਕਿੱਥੇ  ਗਏ  ਤੇਰੇ  ਸੱਤ ਰੰਗੇ ਡੋਰੀਏ ?
        ਕਿੱਥੇ ਗਈਆਂ ਨਾਜ਼ੋ ਤੇਰੀਆਂ ਅਦਾਵਾਂ ?
        ਕਿ ਅੱਖੀਆਂ ਮਟਕਣਾ ਭੁੱਲ ਗਈਆਂ
        ਚੂੜੀਆਂ ਛਣਕਣਾ ਭੁੱਲ ਗਈਆਂ......

ਫੌਜਣ: ਤੇਰੇ ਬਿਨ ਰੁੱਸੇ ਹਾਰ ਤੇ ਸ਼ਿੰਗਾਰ ਵੇ!
         ਰੋ ਰੋ ਵਹਿ ਗਈ ਕਜਲੇ ਦੀ ਧਾਰ ਵੇ!
         ਕਾਲੇ ਰੰਗ ‘ਚ ਨਸੀਬ ਸਾਡੇ ਭਿੱਜ'ਗੇ
         ਤਾਂ ਅੱਖੀਆਂ ਮਟਕਣਾ ਭੁੱਲ ਗਈਆਂ
         ਚੂੜੀਆਂ ਛਣਕਣਾ ਭੁੱਲ ਗਈਆਂ......

ਫੌਜੀ: ਕਿਉਂ ਨਾ ਰੱਖਿਆ ਤੂੰ ਆਪਣਾ ਖਿਆਲ ਨੀਂ ?
        ਤੇਰੇ ਉਲਝੇ  ਘਟਾਵਾਂ ਜਿਹੇ ਵਾਲ ਨੀਂ
        ਕਾਲੇ ਨਾਗਾਂ ਜਿਹੀਆਂ ਦੋ ਗੁੱਤਾਂ ਤੇਰੀਆਂ
        ਨੀਂ ਹਿੱਕ 'ਤੇ ਲਟਕਣਾ ਭੁੱਲ ਗਈਆਂ
        ਚੂੜੀਆਂ ਛਣਕਣਾ ਭੁੱਲ ਗਈਆਂ.........

ਫੌਜਣ: ਕੋਠੇ ਚੜ੍ਹ ਕੇ ਸੁਕਾਵਾਂ ਜਦ ਕੇਸ ਵੇ
          ਸਾਰਾ ਪਿੰਡ ਸਾਨੂੰ ਲੱਗੇ ਪਰਦੇਸ ਵੇ
          ਸਾਡੇ ਮੱਥੇ ’ਚ ਉਦਾਸੀ ਏਦਾਂ ਬਿੱਖਰੀ
          ਕਿ ਬਿੰਦੀਆਂ ਚਮਕਣਾ ਭੁੱਲ ਗਈਆਂ       
          ਚੂੜੀਆਂ ਛਣਕਣਾ ਭੁੱਲ ਗਈਆਂ......

ਫੌਜੀਸੰਗ ਸਖੀਆਂ ਸਹੇਲੀਆਂ ਦੇ ਹੱਸ ਨੀ
         ਭੁੱਲ ਜਾਣਗੇ ਵਿਛੋੜੇ ਵਾਲੇ ਫੱਟ ਨੀ
         ਕਦੀ ਮੇਲਿਆਂ ਜਾਹ, ਕਦੀ ਤੀਆਂ ਨੀ ਮਨਾ
         ਦੇਵੀਂ ਗਿੱਧਿਆਂ ’ਚ ਗੇੜਾ, ਫਿਰ ਆਖੂ ਤੈਨੂੰ ਕਿਹੜਾ
         ਨੀ ਅੱਡੀਆਂ ਧਮਕਣਾ ਭੁੱਲ ਗਈਆਂ
         ਚੂੜੀਆਂ ਛਣਕਣਾ ਭੁ' ਗਈਆਂ......
  
ਫੌਜਣ: ਤੇਰੇ ਬਾਝੋਂ ਨੇ ਉਦਾਸ ਤੀਆਂ ਲੋਹੜੀਆਂ
          ਰਹਿਣ ਗੁੰਮ-ਸੁੰਮ ਹੋਲੀਆਂ ਵਿਸਾਖੀਆਂ?
          ਪਾਈਆਂ ਰੰਗਾਂ ਦੇ ਬਨੇਰੇ ਉੱਤੇ ਔਸੀਆਂ
          ਕਦੇ ਖੋਲ੍ਹੀਆਂ ਨਾ ਹਾਸਿਆਂ ਨੇ ਤਾਕੀਆਂ
          ਸਾਡੇ ਚਾਵਾਂ ਦੇ ਬਗੀਚੇ ਏਦਾਂ ਉੱਜੜੇ
          ਕਿ ਕਲੀਆਂ ਚਟਕਣਾ ਭੁੱਲ ਗਈਆਂ
          ਚੂੜੀਆਂ ਛਣਕਣਾ ਭੁੱਲ ਗਈਆਂ......

ਫੌਜੀ:   ਰੁੱਤਾਂ ਮਾਣ ਮੈਨੂੰ ਸੰਗ ਸੰਗ ਜਾਣ ਕੇ
          ਤੇਰੇ ਹੱਥਾਂ ਰਾਹੀਂ ਮੈਂ ਵੀ ਖੇਡਾਂ ਹੋਲੀਆਂ
 ਫੌਜਣਏਦਾਂ ਪਰਚੇ ਨਾ ਚਿੱਤ ਪਰਦੇਸੀਆ
           ਵੇ ਤੂੰ ਕਿੱਤੇ ਜਾ ਕੇ ਖੁਸ਼ੀਆਂ ਲਕੋ'ਲੀਆਂ?

ਫੌਜੀ:   ਮੇਰੇ ਵੱਲੋਂ ਬੋਲੀ ਪਾਕੇ ਫੇਰ ਨੱਚ ਲਈਂ
          ਆਪਾਂ ਰਲਕੇ ਮਨਾਂਵਾਂਗੇ ਵਿਸਾਖੀਆਂ
          ਤੂੰ ਵੀ ਕਰ ਰਾਖੀ ਜੋਬਨਾਂ ਦੇ ਫੁੱਲ ਦੀ
          ਮੈਂ ਵੀਂ ਕਰਾਂ ਸਰਹੱਦ ਉੱਤੇ ਰਾਖੀਆਂ                                           
          ਰੱਖੀਂ ਰੂਪ ਨੂੰ ਸੰਭਾਲ ,ਆਵਾਂ ਅਗਲੇ ਜਾਂ ਸਾਲ
          ਦੇਖੀਂ ਕਹਿਣਾ ਨਾ ਪਵੇ ਮੈਨੂੰ ਮੁੜਕੇ
          ਕਿ ਅੱਖੀਆਂ ਮਟਕਣਾ ਭੁੱਲ ਗਈਆਂ
          ਚੂੜੀਆਂ ਛਣਕਣਾ ਭੁੱਲ ਗਈਆਂ.........  

No comments:

Post a Comment