ਤੈਨੂੰ ਯਾਦ ਕਰੇ ਨੀ ਬਾਬਲ ਧਰਮੀ ਦਾ ਦੇਸ...
ਦੇਸ ਤੇ ਵਿਦੇਸ਼ਾਂ ਵਿਚ ਵਸਦੀਆਂ ਧੀਆਂ ਦੇ ਨਾਂ:
ਜਿੱਥੇ
ਉਡਦੀ ਫਿਰਦੀ ਸੀ, ਨੀ ਤੂੰ ਬਣ ਬਣ ਕੇ ਤਿਤਲੀ
ਜਿੱਥੇ
ਖੇਡੇ ਸੀ ਗੀਟੇ, ਜਿੱਥੇ ਪਾਈ ਸੀ ਕਿੱਕਲੀ
ਜਿੱਥੇ
ਚੜ੍ਹਦੀ ਜਵਾਨੀ ਵਾਲੀ ਦੇਖੀ ਵਰੇਸ
ਤੈਨੂੰ
ਯਾਦ ਕਰੇ ਨੀ ਬਾਬਲ ਧਰਮੀ ਦਾ ਦੇਸ….
ਤੇਰੀ
ਜੰਨ ਜਦ ਆਈ ਤਾਂ ਸਪੀਕਰ ਸੀ ਲੱਗੇ
ਤੇਰੀ
ਡੋਲੀ ਸਜੀ ਤਾਂ ਢੋਲ-ਵਾਜੇ ਸੀ ਵੱਜੇ
ਤੇਰਾ
ਛਣਕਿਆ ਚੂੜਾ ਘੁੰਡ ’ਚੋਂ ਮਾਹੀ ਨੂੰ ਦੇਖ
ਕਰੇ ਯਾਦ
ਉਹ ਘੋੜੀਆਂ ਸੁਹਾਗਾਂ ਦਾ ਦੇਸ….
ਦੂਜੀ
ਵਾਰ ਜਹਾਜ਼ ਦੀ ਡੋਲੀ ਚੜ੍ਹੀ ਤੂੰ
ਸਭ ਨੂੰ
ਛੱਡ ਕੇ ਰੋਂਦੇ, ਆ ਪਰਦੇਸੀਂ ਵੜੀ ਤੂੰ
ਨਵੇਂ
ਆਲ੍ਹਣੇ ਪਾਏ, ਨਵੇਂ ਘੜ ਲਏ ਲੇਖ
ਪਿੱਛੇ
ਰਿਹਾ ਤੜਪਦਾ, ਭੈਣਾਂ ਵੀਰਾਂ ਦਾ ਦੇਸ….
ਉਥੇ ਅਜੇ
ਵੀ ਸੁੱਚੀਆਂ ਪ੍ਰੀਤਾਂ ਦੀ ਡੋਰ
ਹੁਣ ਵੀ
ਪਾਉਣ ਛਣਕਾਟੇ, ਉਥੇ ਝਾਂਜਰ ਦੇ ਬੋਰ
ਕੂ-ਕੂ
ਕਰਦੀਆਂ ਕੋਇਲਾਂ, ਪੈਲਾਂ ਪਾਉਂਦੇ ਨੇ ਮੋਰ
ਕੁੜੀਆਂ
ਬੁਣਦੀਆਂ ਦਰੀਆਂ, ਕੁੜੀਆਂ ਬੁਣਦੀਆਂ ਖੇਸ
ਤੈਨੂੰ
ਯਾਦ ਕਰੇ ਨੀ, ੳਹੀਓ ਸਖੀਆਂ ਦਾ ਦੇਸ….
ਭਾਵੇਂ
ਅੰਮੜੀ ਤੇ ਬਾਬਲ ਤੁਰ ਗਏ ਅਣਜਾਣੇ ਦੇਸ
ਭਾਵੇਂ
ਢਹਿ ਗਏ ਨੇ ਕੋਠੇ, ਭਾਵੇਂ ਵਿਕ ਗਏ ਨੇ ਖੇਤ
ਫਿਰ ਵੀ
ਮਿੱਟੀ ਤਾਂ ੳਹੀ, 'ਵਾਜਾਂ ਮਾਰੇ ਹਮੇਸ਼
ਤੈਨੂੰ
ਯਾਦ ਕਰੇ ਨੀ, ਅੰਮੀ ਬਾਬਲ ਦਾ ਦੇਸ ।
No comments:
Post a Comment