ਮੈਂ ਹਾਂ ਪੰਜਾਬੀ ਬੋਲੀ, ਮੇਰੇ ਲਾਡਲਿਓ !
ਮੈਂ ਹਾਂ ਪੰਜਾਬੀ ਬੋਲੀ, ਮੇਰੇ ਲਾਡਲਿਓ !
ਮੈਂ ਹਾਂ ਪੰਜਾਬੀ ਬੋਲੀ, ਮੇਰੇ ਲਾਡਲਿਓ !
ਰਾਣੀ
ਤੋਂ ਬਣ ਗਈ ਗੋਲੀ, ਮੇਰੇ ਲਾਡਲਿਓ !
ਮੈਂ ਮਿੱਠੜੀ
ਗੁੜ੍ਹਤੀ ਬਣਕੇ, ਤੁਹਾਡੇ ਲਹੂ ਦੇ ਵਿੱਚ ਸਮਾਈ
ਫਿਰ ਮਾਂ
ਦੇ ਸੀਰ ਦੇ ਅੰਦਰ, ਮੈਂ ਨਿੱਤ ਸ਼ੀਰਨੀ ਪਾਈ
ਜ਼ਿੰਦਗੀ
ਦੀ ਕੁੰਡੀ ਖੋਲ੍ਹੀ, ਮੇਰੇ ਲਾਡਲਿਓ !
ਮੈਂ ਗਈ
ਸਦੱਕੜੇ-ਵਾਰੀ, ਤੁਸੀਂ ਜਦੋਂ ਬੁੱਕਲ਼ ਵਿੱਚ ਆਏ
ਜਦ ਤੁਰੇ
ਗੰਢੀਰਾ ਫੜ ਕੇ, ਮੈਂ ਸੌ ਸੌ ਸ਼ਗਨ ਮਨਾਏ
ਤੇ ਵੰਡੀ
ਸ਼ੱਕਰ ਪੋਲੀ, ਮੇਰੇ ਲਾਡਲਿਓ !
ਬਚਪਨ ਦੇ ਝੱਗੇ
ਨੂੰ ਮੈਂ ਖੇਡਾਂ ਦਾ ਗੋਟਾ ਲਾਇਆ
ਤੇ ਰੰਗੀ
ਛੈਲ ਜਵਾਨੀ, ਤੁਹਾਨੂੰ ਚੜ੍ਹਿਆ ਰੂਪ ਸਵਾਇਆ
ਫਿਰ ਚਾੜ੍ਹਿਆ
ਘੋੜੀ ਡੋਲੀ, ਮੇਰੇ ਲਾਡਲਿਓ !
ਹਰ ਪਹਿਰ
ਉਮਰ ਦਾ ਮੈਂ ਹੀ ਗੀਤਾਂ ਦੇ ਨਾਲ ਸਜਾਇਆ
ਕਿਤੇ
ਗਿੱਧੇ, ਕਿਧਰੇ ਭੰਗੜੇ, ਮੈ ਰੱਜ ਰੱਜ ਢੋਲ ਵਜਾਇਆ
ਵਜਾਏ
ਘੜਾ-ਘੜੋਲੀ, ਮੇਰੇ ਲਾਡਲਿਓ!
ਹੁਣ ਤੁਸੀਂ
ਉਡਾਰੂ ਹੋਏ, ਤੇ ਭੁੱਲ ਗਏ ਆਪਣੀ ਮਿੱਟੀ
ਮਾਂ-ਬੋਲ਼ੀ
ਲੱਗੇ ਕਾਲ਼ੀ , ਬਾਕੀ ਹਰ ਬੋਲੀ ਚਿੱਟੀ
ਮਾਂ ਕੌਡੀਆਂ
ਦੇ ਸੰਗ ਤੋਲੀ, ਮੇਰੇ ਲਾਡਲਿਓ !
ਜੋ ਆਪਣੀ
ਮਾਂ ਨੂੰ ਨਿੰਦੇ,ਉਹਨੂੰ ਮਾਣ ਕਿਤੇ ਨਾ ਮਿਲਦਾ
ਬੱਸ ਹੋਵੇ
ਜੱਗ-ਹਸਾਈ, ਸਨਮਾਨ ਕਿਤੇ ਨਾ ਮਿਲਦਾ
ਮੈਂ ਸੱਚ
ਦੀ ਗੰਢੜੀ ਫੋਲੀ , ਮੇਰੇ ਲਾਡਲਿਓ!
ਮੈਂ ਤਾਜ ਤੁਹਾਡੇ
ਸਿਰ ਦਾ, ਨਾ ਪੈਰਾਂ ਦੇ ਵਿੱਚ ਰੋਲ਼ੋ
ਭਾਵੇਂ
ਸਿੱਖੋ ਹਰ ਇਕ ਬੋਲੀ, ਪਰ ਮਾਂ-ਬੋਲੀ ਵਿੱਚ ਬੋਲੋ
'ਪੈਂਤੀ'
ਨਾਲ ਸਜੇ ਰੰਗੋਲੀ , ਮੇਰੇ ਲਾਡਲਿਓ !
ਮੈਂ ਹਾਂ
ਪੰਜਾਬੀ ਬੋਲੀ,ਮੇਰੇ ਲਾਡਲਿਓ !
ਮੈਨੂੰ ਰਹਿਣ ਦਿਓ ਨਾ ਗੋਲੀ, ਮੇਰੇ ਲਾਡਲਿਓ !
No comments:
Post a Comment