Thursday, 4 August 2016

ਬਰਾਤ ਚੜ੍ਹਨ ਬਾਅਦ ਮਾਂ ਦੇ ਚਾਅਵਾਂ ਦਾ ਗੀਤ:
ਵਿਆਹੁਣ  ਗਏ ਪੁੱਤ ਤੋਂ ਮੈਂ ਵਾਰੀ ਨੀ

ਵਿਆਹੁਣ ਗਏ ਪੁੱਤ ਤੋਂ ਮੈਂ ਵਾਰੀ ਨੀ
ਅੱਜ ਖਿੜ ਗਈ ਮੇਰੇ ਚਾਅਵਾਂ ਦੀ ਫੁਲਵਾੜੀ ਨੀ

ਰੱਜ ਰੱਜ ਕੇ ਗਿੱਧਾ ਪਾਓ ਨੀਂ ਰਕਾਨੋ ਮੇਲਣੋਂ !
ਇਕ ਇਕ ਨੂੰ ਦੇਊਂ ਲੱਡੂਆਂ ਦੀ ਖਾਰੀ ਨੀ

ਇਕ ਦੂਜੀ ਕੋਲੋਂ ਵਧ ਕੇ ਸਿੱਟੋ ਨੀ ਬੋਲੀਆਂ
ਅੱਜ ਦੇਵੋ ਗੇੜਾ ਕੀ ਵਿਆਹੀ ਕੀ ਕੁਆਰੀ ਨੀ

ਨਾਨਕੀਓ ! ਛੱਜ ਭੰਨੋ ਨੀ ਚੁਬਾਰੇ ਚੜ੍ਹ ਕੇ
ਨੱਚ ਨੱਚ ਕੇ ਹਿਲਾਓ ਧਰਤੀ ਸਾਰੀ ਨੀ

ਕੋਈ ਵੱਟੋ ਨੀ ਹੁਣ ਬੱਤੀਆਂ ਜਾਗੋ ਦੇ ਵਾਸਤੇ
ਵਲਟੋਹੀ ਚੁਕੋ ਸਾਰੀਆਂ ਤੋਂ ਭਾਰੀ ਨੀ

ਭੁਲੀਂ ਨਾ ਕੋਈ ਸ਼ਗਨ ਨੀ ਤੂੰ ਨੈਣ-ਰਾਣੀਏ !
ਲੈ ਲਵੀਂ ਸੂਟ ਰੇਸ਼ਮੀ ਨਸਵਾਰੀ ਨੀ


ਵਿਆਹੁਣ ਗਏ ਪੁੱਤ ਤੋਂ ਮੈਂ ਵਾਰੀ ਨੀ 
ਅੱਜ ਖਿੜ ਗਈ ਮੇਰੇ ਚਾਅਵਾਂ ਦੀ ਫੁਲਵਾੜੀ ਨੀ.....

No comments:

Post a Comment