ਆਇਆ ਸਹੀਓ !
ਆਇਆ ਮਾਹੀ .....
ਆਇਆ ਸਹੀਓ
! ਆਇਆ ਮਾਹੀ ਸਾਡੇ ਨੀਂ ਘਰੇ
ਧੜਕਣ
ਨੱਚੇ
, ਦਿਲ ਗੁਟ੍ਹਕੂੰ ਕਰੇ
ਹੱਸੀਆਂ ਚੁਗਾਠਾਂ, ਜਿਕੂੰ ਮੋਰ ਬੋਲ ਪਏ
ਝੂਮ ਝੂਮ ਬੂਹਾ ਪੈਲਾਂ ਪਾਉਣ ਨੂੰ ਕਰੇ
ਵਿਹੜੇ ਵਿੱਚ ਖੁਸ਼ੀਆਂ ਨੇ ਪਾਈਆਂ ਬੋਲੀਆਂ
ਮੱਥੇ 'ਚ ਨਸੀਬ ਲੱਗੇ ਪਾਉਣ ਭੰਗੜੇ
ਸਾਰੇ ਸਾਡੇ ਅੱਥਰੂ ਤ੍ਰੇਲ ਬਣ ਗਏ
ਸੁੱਕੇ ਪੱਤੇ ਨਿੰਮ ਦੇ ਵੀ ਹੋ ਗਏ ਹਰੇ
ਵੀਣੀ ਉੱਤੇ ਚੂੜੀਆਂ ਨੇ ਪਾਈ ਕਿੱਕਲੀ
ਲੌਂਗ ਲਿਸ਼ਕਾਰੇ ਮਾਰੇ ਹੱਦ ਤੋਂ ਪਰ੍ਹੇ
ਸਾਹਾਂ ਵਿੱਚ ਮਿੱਠੇ ਮਿੱਠੇ ਰਾਗ ਨੀਂ ਛਿੜੇ
ਅੰਬਰਾਂ ਤੋਂ ਗੋਰੀ ਗੋਰੀ ਚਾਨਣੀ ਵਰ੍ਹੇ
ਪੋਲੇ ਪੋਲੇ ਪੈਰੀਂ ਜਦ ਮਾਹੀ ਨੀਂ ਤੁਰੇ
ਮੱਠੀ ਮੱਠੀ ਠੰਢ ਸਾਡੇ ਸੀਨੇ 'ਚ ਵੜੇ
ਜਿੱਥੋਂ ਚੁੱਕੇ ਪੱਬ ਉਥੇ ਖਿੜੇ ਨੀਂ ਗੁਲਾਬ
ਖੁਸ਼ਬੋ ਦੇ ਨਾਲ ਸਾਰਾ ਘਰ ਨੀਂ ਭਰੇ
ਗਲ ਵਿੱਚ ਸਾਡੇ ਪਾਵੇ ਸੂਰਜਾਂ ਦਾ ਹਾਰ
ਇੱਕ ਇੱਕ ਤਾਰਾ ਸਾਡੇ ਹੱਥ 'ਤੇ ਧਰੇ
ਗੱਲ੍ਹਾਂ ਉੱਤੇ ਹੰਝੂਆਂ ਦੀ ਨਦੀ ਨੀਂ ਵਗੇ
ਹੌਲੀ ਹੌਲੀ ਮਾਹੀ ਸਾਡਾ,ਘੁੱਟ ਨੀਂ ਭਰੇ
ਆਇਆ ਸਹੀਓ!ਆਇਆ ਮਾਹੀ ਸਾਡੇ ਨੀਂ ਘਰੇ
ਧੜਕਣ ਨੱਚੇ , ਦਿਲ ਗੁਟ੍ਹਕੂੰ ਕਰੇ
ਹੱਸੀਆਂ ਚੁਗਾਠਾਂ, ਜਿਕੂੰ ਮੋਰ ਬੋਲ ਪਏ
ਝੂਮ ਝੂਮ ਬੂਹਾ ਪੈਲਾਂ ਪਾਉਣ ਨੂੰ ਕਰੇ ।
No comments:
Post a Comment