Thursday, 4 August 2016

ਬੂਹੇ ਆਈ ਬੰਨੋ ਲਈ  ਗੀਤ:   

 ਆਪਣੇ ਘਰ ਸੋਹਣੀਏ ! ਤੈਨੂੰ ਜ਼ਿੰਦਗੀ ਦਾ ਵਰ ਦਿਆਂ
 ਨੀ ਬੰਨੋ ਰਾਣੀਏਂ ! ਝੋਲੀ ’ ਖੁਸ਼ੀਆਂ ਭਰ ਦਿਆਂ

ਬਾਗਾਂ ਦੇ ਸਭ ਫੁੱਲਤੇਰੇ ਰਾਹਾਂ ਵਿੱਚ ਵਿਛਾ ਦਿਆਂ
ਆਸਾਂ ਦੀ ਨਰੇਲ ਸੁੱਚੀ , ਪੱਲੇ ਦੇ ਵਿੱਚ ਪਾ ਦਿਆਂ
 ਕਿ ਤੈਨੂੰ ਮੌਲੀਆਂ ਦਾਮਹਿੰਦੀਆਂ ਦਾ ਵਰ ਦਿਆਂ
 ਨੀ ਬੰਨੋ ਰਾਣੀਏਂ ! ਝੋਲੀ ’ ਖੁਸ਼ੀਆਂ ਭਰ ਦਿਆਂ

ਕਾਸ਼ਨੀ ਕੋਈ ਸੰਦਲੀ , ਧੁੱਪਾਂ ਦੇ ਲੀੜੇ ਪਾ ਦਿਆਂ
ਚੰਨ ਦੇ ਕੁੜਤੀ ਤੇਰੀ ਨੂੰ ਫੇਰ ਬੀੜੇ ਲਾ ਦਿਆਂ
ਅੰਬਰਾਂ ਤੋਂ ਲਾਹ ਕੇ ਤਾਰੇ ਮਾਂਗ ਦੇ ਵਿੱਚ ਜੜ ਦਿਆਂ
 ਆਪਣੇ ਘਰ ਸੋਹਣੀਏ ! ਤੈਨੂੰ ਜ਼ਿੰਦਗੀ ਦਾ ਵਰ ਦਿਆਂ

ਸੱਤੇ ਸੁਰ ਪਰੋ ਕੇ ਤੇਰੇ ਪੈਰੀਂ ਝਾਂਜਰ ਪਾ ਦਿਆਂ
ਮੱਥੇ 'ਤੇ ਲਿਸ਼ਕਦੇ  ਲੇਖਾਂ ਦੀ ਬਿੰਦੀ ਲਾ ਦਿਆਂ
ਤੇਰਿਆਂ ਨੈਣਾਂ ਦੇ ਅੰਦਰ , ਖਾਬ ਰੰਗਲੇ ਧਰ ਦਿਆਂ
 ਨੀ ਬੰਨੋ ਰਾਣੀਏਂ ! ਝੋਲੀ ’ ਖੁਸ਼ੀਆਂ ਭਰ ਦਿਆਂ
                                                 
ਲਾਹ ਕੇ ਤੈਨੂੰ ਡੋਲਿਉਂ , ਦੇਹਲੀ 'ਤੇ ਤੇਲ ਡੋਲ੍ਹ ਕੇ
ਪੰਜ ਨਦੀਆਂ ਦੇ ਪਾਣੀ ਦੇ ਵਿੱਚ,ਪੰਜ ਪਤਾਸੇ ਘੋਲ ਕੇ
ਤੇਰੇ ਸਿਰ ਤੋਂ ਵਾਰ ਕੇ , ਬਲਾਵਾਂ ਦੂਰ ਕਰ ਦਿਆਂ
 ਆਪਣੇ ਘਰ ਸੋਹਣੀਏ ! ਤੈਨੂੰ ਜ਼ਿੰਦਗੀ ਦਾ ਵਰ ਦਿਆਂ
 ਨੀ ਬੰਨੋ ਰਾਣੀਏਂ ! ਝੋਲੀ ’ ਖੁਸ਼ੀਆਂ ਭਰ ਦਿਆਂ


 ਨੀ ਭਾਗਾਂ ਵਾਲੀਏ ! ਤੈਨੂੰ ਜ਼ਿੰਦਗੀ ਦਾ ਵਰ ਦਿਆਂ !

No comments:

Post a Comment