Saturday, 30 July 2016

ਕਲਮੇਂ ਨੀਂ! ਤੇਰੀ ਮਿੰਨਤ ਕਰਾਂ ਮੈਂ
ਕਲਮੇਂ ਨੀਂ ! ਤੇਰੀ ਮਿੰਨਤ ਕਰਾਂ ਮੈਂ, ਲਾ ਕੇ ਲਹੂ ਦਾ ਡ੍ਹੋਕਾ
ਨੀਂ ਮਹਿਰਮੇਂ ! ਹੋਕਾ ਬਣ ਅੜੀਏ ਨੀਂ ਮੇਰਾ ਹੋਕਾ….

ਧਰਤੀ ਦੇ ਉੱਤੇ ਹਾਇ ਰੁੱਤ ਕੇਹੀ ਆਈ
ਕਿਸੇ ਨੂੰ ਨਾ ਪੂਰੀ ਪੈਂਦੀਹੱਕ ਦੀ ਕਮਾਈ
ਭਾਗੋ ਦੇ ਘਰ ਦੁੱਧ ਦੀਆਂ ਨਹਿਰਾਂਲਾਲੋ ਦੇ ਘਰ ਸੋਕਾ
ਨੀਂ ਮਹਿਰਮੇਂ ! ਹੋਕਾ ਬਣ ਅੜੀਏ ਨੀਂ ਮੇਰਾ ਹੋਕਾ….

ਇਸ਼ਕੇ ਨੇ ਸੱਚੀ-ਸੁੱਚੀ ਛਬ ਹੀ ਗੁਆਈ
ਰਾਂਝਿਆਂ ਨੇ ਦਾਜ ਪਿੱਛੇ ਹੀਰ ਹੀ ਜਲਾਈ
ਤੜਪ ਰਹੇ ਨੇ ਰਿਸ਼ਤੇ ਸਾਰੇਹੋ ਗਿਆ ਸਭ ਦਾ ਟੋਕਾ
ਨੀਂ ਮਹਿਰਮੇਂ ! ਹੋਕਾ ਬਣ ਅੜੀਏ ਨੀਂ ਮੇਰਾ ਹੋਕਾ….

ਇੰਜ ਲੱਗੇ ਜੱਗ ਸਾਰਾ ਹੋ ਗਿਆ ਸ਼ੁਦਾਈ
ਅੰਬ ਨੂੰ ਕਟਾ ਕੇ ਵਿਹੜੇ ਕਿੱਕਰ ਉਗਾਈ
ਹੁਣ ਕੰਡਿਆਂ ਨੂੰ ਚੂਪ ਕੇ ਦਿੰਦੈ,ਆਪਣੇ-ਆਪ ਨੂੰ ਧੋਖਾ
ਨੀਂ ਮਹਿਰਮੇਂ ! ਹੋਕਾ ਬਣ ਅੜੀਏ ਨੀਂ ਮੇਰਾ ਹੋਕਾ….

ਕਿਸੇ ਨੇ ਬਣਾ ਕੇ ਬੰਬ ਧੌਣ ਅਕੜਾਈ
ਸੋਚਦਾ ਹੈ ਮੌਤ ਉਹਨੇ ਜੇਬ ਵਿੱਚ ਪਾਈ
ਕਿਸੇ ਨੂੰ ਮਾਰ ਕੇ ਤੂੰ ਵੀ ਨਾ ਬਚਣਾਸੁਣ ਵੇ ਭਲਿਆ ਲੋਕਾ!
ਨੀਂ ਮਹਿਰਮੇਂ ! ਹੋਕਾ ਬਣ ਅੜੀਏ ਨੀਂ ਮੇਰਾ ਹੋਕਾ….

ਪਰਉਪਕਾਰ ਦੀ ਹੀ ਖੱਟੀ ਸੰਗ ਰਹਿਣੀ
ਕਿਸੇ ਨੂੰ ਨਾ ਲੁੱਟੋ, ਜਿੰਦ ਆਖਰਾਂ ਨੂੰ ਢਹਿਣੀ
ਮਿੱਠਾ ਬੋਲ ਕੇ ਰੁੱਖਾ ਖਾ ਕੇਦੇ ਲਓ ਢਿੱਡ ਨੂੰ ਝੋਕਾ
ਨੀਂ ਮਹਿਰਮੇਂ ! ਹੋਕਾ ਬਣ ਅੜੀਏ ਨੀਂ ਮੇਰਾ ਹੋਕਾ….

ਖੂਨ ਪੀਣ ਵਾਲੇ ਇਕ ਦਿਨ ਖੁਰ ਜਾਣਗੇ
ਹਵਸੀ ਵਪਾਰੀ ਸਭ ਛੱਡ ਤੁਰ ਜਾਣਗੇ
ਚਿੱਕੜ ਦੇ ਵਿੱਚ ਕੰਵਲ ਹੀ ਤਰਨੇ, ਮਾਣ ਨਾ ਕਰਿਓ ਫੋਕਾ
ਨੀਂ ਮਹਿਰਮੇਂ ! ਹੋਕਾ ਬਣ ਅੜੀਏ ਨੀਂ ਮੇਰਾ ਹੋਕਾ….

ਹਵਾ ਵਿੱਚ ਜ਼ਹਿਰ ਭਰੇ ਧੂੰਏ ਨੂੰ ਖਿੰਡਾਓ ਨਾ !
ਮੁਹੱਬਤਾਂ ਤੋਂ ਬਣੇ ਮੁਹੱਬਤਾਂ ਭੁਲਾਓ ਨਾ !
ਦਿਓ ਨਫਰਤਾਂ ਸਾੜ, ਪਹਿਨ ਲਓ ਸਾਂਝ ਹੀਰੇ ਦਾ ਕੋਕਾ
ਨੀਂ ਮਹਿਰਮੇਂ ! ਹੋਕਾ ਬਣ ਅੜੀਏ ਨੀਂ ਮੇਰਾ ਹੋਕਾ….

ਕਲਮੇਂ ਨੀਂ ! ਤੇਰੀ ਮਿੰਨਤ ਕਰਾਂ ਮੈਂਲਾ ਕੇ ਲਹੂ ਦਾ ਡ੍ਹੋਕਾ,
 ਨੀਂ ਮਹਿਰਮੇਂਹੋਕਾ ਬਣ ਅੜੀਏ ਨੀ ਮੇਰਾ ਹੋਕਾ….

No comments:

Post a Comment