ਵਿਸਾਖੀ ਤੋਂ ਬਾਅਦ…..
(ਜੱਟ ਦੇ ਕਣਕਾਂ ਵੇਚ ਕੇ ਘਰ ਆਉਣ 'ਤੇ)
ਕਿਹੜਾ ਲੰਘਿਆ
ਬੋਹਲਾਂ ਵਿੱਚੋਂ ?
ਟੁੱਟ ਗਿਆ
ਦਾਣਾ ਦਾਣਾ
ਵੇ ਹੋ !
ਕਿਹੜਾ ਹੱਸਿਆ
ਮੰਡੀ ਦੇ ਵਿੱਚ ?
ਲੁੱਟ ਲਿਆ
ਦਾਣਾ ਦਾਣਾ
ਵੇ ਹੋ
!
ਖਾਲੀ ਹੱਥੀਂ
ਆਇਆ ਮੈਂ
ਸ਼ਹਿਰੋਂ
ਰੋਇਆ ਮੇਰਾ
ਲਾਣਾ ਵੇ ਹੋ !
ਨਾ ਮੈਂ
ਲਿਆਇਆ ਖੇਡ-ਖਿਡੌਣੇ
ਨਾ ਕੋਈ
ਬਸਤਰ-ਬਾਣਾ
ਵੇ ਹੋ
!
ਲੱਛੀ ਦੇ ਬੰਦ ਬਣੇ
ਨਾ ਮੈਥੋਂ
ਔਖਾ ਬੋਲ
ਪੁਗਾਣਾ ਵੇ ਹੋ !
'ਮਿੱਠੀ'
ਲੈ ਕੇ ਵੀ ਨਹੀਂ
ਮੰਨਦਾ
ਅੱਜ ਤਾਂ
ਪੁੱਤਰ ਰਾਣਾ
ਵੇ ਹੋ
!
ਕੋਠਾ ਅਗਲਾ
ਮੀਂਹ ਨਹੀਂ
ਕੱਟਦਾ
ਧੀ ਦਾ ਕਾਜ ਰਚਾਣਾ
ਵੇ ਹੋ
!
ਕੱਲ੍ਹ ਹੋਇਆ
ਮਿੱਟੀ ਵਿੱਚ
ਮਿੱਟੀ
ਅੱਜ ਹੰਝੂਆਂ ਵਿੱਚ ਨਾਹਣਾ ਵੇ ਹੋ !
ਕੋਈ ਪੁੱਛੇ
ਜੋਕਾਂ ਤਾਂਈਂ
ਕਿੰਨਾ ਖੂਨ
ਪਚਾਣਾ ਵੇ ਹੋ ?
ਹਾੜ੍ਹਾ ਵੇ ਲੋਕਾ ! ਬਹੁੜੀ
ਵੇ ਪਿੰਡਾ!
ਵੈਰੀ ਕਿੰਜ
ਪਛਾਣਾਂ ਵੇ ਹੋ ?
ਹੁਣ ਅਸੀਂ ਆਪਣੇ
ਸੂਰਜ ਖੋਹਣੇ
ਨ੍ਹੇਰਾ ਦੂਰ
ਭਜਾਣਾ ਵੇ ਹੋ
ਹੁਣ ਅਸੀਂ
ਲਾਉਣੀ ਧਮਕ
ਨਗਾਰੇ
ਸੁੱਤਾ ਮੁਲਕ ਜਗਾਣਾ
ਵੇ ਹੋ
!
No comments:
Post a Comment