ਅਸੀਂ ਲੀਰੋ-ਲੀਰ ਹੋਈਆਂ ਗੁਡੀਆਂ
ਅਸੀਂ ਕੂਜਾ-ਮਿਸ਼ਰੀ ਦੀਆਂ ਡਲੀਆਂ
ਹੌਲੀ ਹੌਲੀ ਟੁਟ ਵੇ ਰਹੀਆਂ
ਅਸੀਂ ਲਵੀਆਂ ਗੁਆਰ ਦੀਆਂ ਫਲੀਆਂ
ਔੜਾਂ ਵਿੱਚ ਸੁੱਕ ਵੇ ਰਹੀਆਂ
ਕੁੱਖ ਮਾਵਾਂ ਦੀ ਕਤਲਗਾਹ ਹੋਈ
ਸਾਡੀ ਕਿਸੇ ਨਾ ਮੰਨੀ ਅਰਜ਼ੋਈ
ਬਿਨਾਂ ਦੋਸ਼ ਤੋਂ ਸਜ਼ਾਵਾਂ
ਸੁਣਕੇ
ਰੋ ਰੋ ਕਰ ਚੁੱਪ ਵੇ ਗਈਆਂ
ਸਾਡੇ ਟੁੱਟ ਗਏ ਧੌਣ ਦੇ ਮਣਕੇ
ਦੁਨੀਆਂ ਤੋਂ ਉੱਠ ਵੇ ਰਹੀਆਂ
ਕੀਤੇ ਡੱਬੀਆਂ 'ਚ ਕੈਦ ਦੰਦਾਸੇ
ਸਾਡੇ ਹੋਂਠਾਂ ਤੋਂ ਲਾਹ ਲਏ ਹਾਸੇ
ਅਸੀਂ ਪਿੰਜਰੇ 'ਚ ਪਿੰਜਰ ਹੋਈਆਂ
ਮਰ ਮਰ ਜੀ ਵੇ ਰਹੀਆਂ
ਸਾਰੇ ਅੱਥਰੂ ਰੁਮਾਲ ਵਿੱਚ ਬੰਨ੍ਹ ਕੇ
ਦਰਦਾਂ ਨੂੰ ਪੀ ਵੇ ਰਹੀਆਂ
ਸਾਡੇ ਦੁਖਣ ਅੱਖਾਂ ਦੇ ਕੋਏ
ਸਾਡੇ ਆਪਣੇ ਬਗਾਨੜੇ ਹੋਏ
ਅਸੀਂ ਕੱਚ ਦੀਆਂ ਕਿਰਚਾਂ ਚਬਾ ਕੇ
ਲਹੂ ਵਿੱਚ ਭਿੱਜ ਵੇ ਰਹੀਆਂ
ਜਿੰਦੇ ਲਾ ਕੇ ਖਾਮੋਸ਼ੀਆਂ ਵਾਲੇ
ਵਿੱਚੇ ਵਿੱਚ ਰਿੱਝ ਵੇ ਰਹੀਆਂ
ਸਾਡੇ ਖੰਭ ਨੋਚੇ, ਮੱਥੇ ਪਾੜੇ
ਸਾਨੂੰ ਨਿੱਤ ਨਵੀਂ ਅੱਗ ਸਾੜੇ
ਸਾਡੀ ਜੂਨ ਸਰਾਪੀ ਹੋਈ
ਕੰਡਿਆਂ ਨੂੰ ਚੁਗ ਵੇ ਰਹੀਆਂ
ਅਸੀਂ ਲੀਰੋ-ਲੀਰ ਹੋਈਆਂ ਗੁਡੀਆਂ
ਨ੍ਹੇਰੀਆਂ 'ਚ ਉੱਡ ਵੇ ਰਹੀਆਂ।
No comments:
Post a Comment