Friday, 29 July 2016

ਕਣਕ ਛੋਲਿਆਂ ਦਾ ਖੇਤ, ਜੀ ਨਿਸਰੇਗਾ ਹੌਲ਼ੀ ਹੌਲ਼ੀ....
ਡੋਲੀਓਂ ਲਹਿੰਦੀਆਂ ਨੂੰਹਾਂ ਦਾ ਗੀਤ :               
ਜਿਸ ਤਰ੍ਹਾਂ ਡੋਲੀ ਚੜ੍ਹਦੀਆਂ ਕੁੜੀਆਂ ਦੇ ਗੀਤ ਨੇ,ਇਹ ਡੋਲੀਉਂ ਲਹਿੰਦੀਆਂ ਨੂੰਹਾਂ ਦਾ ਗੀਤ ਹੈ,ਜਿਹਨਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਉਂਦੀਆਂ ਹੀ ਆਪਣੇ ਪੇਕੇ-ਘਰ ਨੂੰ ਬਿਲਕੁਲ ਭੁੱਲ ਜਾਣ,ਇਹ ਗੀਤ ਉਹਨਾਂ ਦੀ ਫਰਿਆਦ ਹੈ:                 

ਕਣਕ ਛੋਲਿਆਂ ਦਾ ਖੇਤ, ਜੀ ਨਿਸਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ...

ਅਸੀਂ ਮੋਹ ਦਿਆਂ ਛਰਾਟਿਆਂ ਨੂੰ ਪਿੱਛੇ ਛੱਡ ਆਈਆਂ
ਅਸੀਂ ਅੰਮੜੀ ਦੇ ਕਾਲਜੇ ਦਾ ਰੁੱਗ ਵੱਢ ਲਿਆਈਆਂ
ਵਗੇ ਹੰਝੂਆਂ ਦਾ ਚੇਤਾ, ਜੀ ਬਿਖਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ...

ਲੈ ਮੁਹੱਬਤਾਂ ਦਾ ਸਾਲੂ ਹਾਂ ਤੁਹਾਡੇ ਵਿਹੜੇ ਆਈਆਂ
ਬਿੰਦੀ ਸਿਦਕਾਂ ਦੀ,ਟੂੰਮਾਂ ਨੇ ਹੁਨਰ ਦੀਆਂ ਪਾਈਆਂ
ਸਾਡਾ ਤੇਜ, ਸਾਡਾ ਰੂਪ, ਜੀ ਨਿੱਖਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ...

ਸਾਨੂੰ ਨਦੀਆਂ ਨੂੰ ਦਾਜ ਦੇ ਨਾ ਭਾਂਬੜੀਂ ਮਚਾਇਓ
ਅਸੀਂ ਛੱਡੇ ਨੇ  ਪਹਾੜ, ਸਾਡੇ ਕੰਢੇ ਬਣ ਜਾਇਓ
ਸਾਂਝਾਂ ਸਿਖਰਾਂ ਦਾ ਪੁਲ, ਜੀ ਉਸਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ, ਜੀ ਵਿਸਰੇਗਾ ਹੌਲ਼ੀ ਹੌਲ਼ੀ...

ਢਾਕੀਂ ਗਾਗਰਾਂ ਟਿਕਾਈਆਂ,ਅਸੀਂ ਫੇਰ ਵੀ ਤਿਹਾਈਆਂ
ਤੁਹਾਡੀ ਧਰਤੀ ਵਿੱਚ ਤਾਰਿਆਂ ਦੇ ਬੂਟੇ ਲਾਉਣ ਆਈਆਂ
ਨੀਲੀ ਝੀਲ  ਉੱਤੇ ਚੰਦ, ਜੀ  ਨਿਤਰੇਗਾ ਹੌਲ਼ੀ ਹੌਲ਼ੀ
ਬਾਬਲ ਧਰਮੀ ਦਾ ਦੇਸ ਜੀ ਵਿਸਰੇਗਾ  ਹੌਲ਼ੀ ਹੌਲ਼ੀ...

No comments:

Post a Comment