Friday, 29 July 2016


ਮੈਨੂੰ ਲੈ ਦੇ ਸੱਜਣ ਖੱਟੀ ਲੋਈ ! ਲੋਈ ਸਰ੍ਹੋਆਂ ਦੀ...
ਜਿਵੇਂ ਡੈਫੋਡਿਲਜ਼ ਦੇ ਫੁੱਲਾਂ ਵਾਲੀ ਨਜ਼ਮ ਹੈ ,ਮੈਂ ਕੁਦਰਤ ਦਾ ਇਹੋ ਜਿਹਾ ਨਜ਼ਾਰਾ ਦੇਖਿਆ,ਤੁਸੀਂ ਵੀ ਦੇਖੇ ਹੋਣੇ ਨੇ ਸਰ੍ਹੋਂ ਦੇ ਪੂਰੇ ਖਿੜੇ ਹੋਏ ਖੇਤ ਕਿ ਲੱਗਦੈ ਜਿਵੇਂ ਧਰਤੀ ਨੇ ਪੀਲੀ ਸ਼ਾਲ ਲਈ ਹੋਈ , ਖੱਟੀ ਲੋਈ,ਤੇ ਇਕ ਖੇਤ ਕੋਲ ਖੜ੍ਹ ਕੇ ਮੇਰਾ ਇਹ ਲੋਈ ਲੈਣ ਨੂੰ ਜੀਅ ਕੀਤਾ:

ਮੈਨੂੰ ਲੈ ਦੇ ਸੱਜਣ ਖੱਟੀ ਲੋਈ! ਲੋਈ ਸਰ੍ਹੋਆਂ ਦੀ
ਪੀਲੇ ਰੰਗ ਦੀ ਨੀਲਾਮੀ ਹੋਈ! ਲੋਈ ਸਰ੍ਹੋਆਂ ਦੀ...


ਕਿਸ ਮਿਰਜ਼ੇ ਨੇ ਖੇਤ ਇਹ ਵਾਹਿਆ ?
ਦਿਲ ਬੀਜ ਦੇ ਵਿੱਚ ਰਲਾਇਆ
ਹੁਣ ਖਿੜ ਕੇ ਵੰਡੇ ਖੁਸ਼ਬੋਈ, ਲੋਈ ਸਰ੍ਹੋਆਂ ਦੀ,
ਮੈਨੂੰ ਲੈ ਦੇ ਸੱਜਣ ਖੱਟੀ ਲੋਈ,ਲੋਈ ਸਰ੍ਹੋਆਂ ਦੀ...


ਇਹ ਤਾਂ ਸੁੱਚੜੇ ਵਾਅਦੇ ਨੇ ਪੁੱਗੇ,
ਫੁੱਲ  ਸੋਨੇ ਦੇ ਧਰਤੀ ਵਿੱਚੋਂ ਉੱਗੇ
ਪੀਲੇ ਮੋਤੀਆਂ ਵਿੱਚ ਪਰੋਈ, ਲੋਈ ਸਰ੍ਹੋਆਂ ਦੀ,
ਲੈ ਦੇ!ਲੈ ਦੇ! ਸੱਜਣ ਖੱਟੀ ਲੋਈ,ਲੋਈ ਸਰ੍ਹੋਆਂ ਦੀ...


ਦੇਖ! ਸੋਨਾ ਕਿਵੇਂ ਲਹਿਰਾਵੇ!
ਪੱਤਾ ਪੱਤਾ ਹੁਲ੍ਹਾਰੇ  ਖਾਵੇ!
ਹਰ ਗੰਦਲ ਸ਼ਰਾਬਣ ਹੋਈ! ਲੋਈ ਸਰ੍ਹੋਆਂ ਦੀ,
ਲੈ ਦੇ!ਲੈ ਦੇ!ਸੱਜਣ! ਖੱਟੀ ਲੋਈ, ਲੋਈ ਸਰ੍ਹੋਆਂ ਦੀ...


ਪਰ੍ਹੇ ਗੰਨੇ, ਉਰੇ ਹਰੇਵਾਈ,
ਵਿੱਚ ਧੁੱਪ ਹੈ ਫੜ ਕੇ ਬਿਠਾਈ
ਲੈ ਨਾ ਜਾਵੇ ਮਜਾਜਣ ਕੋਈ, ਲੋਈ ਸਰ੍ਹੋਆਂ ਦੀ,
ਮੈਨੂੰ ਲੈ ਦੇ ਸੱਜਣ ਖੱਟੀ ਲੋਈ, ਲੋਈ ਸਰ੍ਹੋਆਂ ਦੀ...


ਬੰਨੇ ਬੰਨੇ ਸਫੈਦੇ ਨੇ ਸੋਂਹਦੇ,
ਝੂਮ ਝੂਮ ਕੇ ਕਾਲਜਾ ਮੋਂਹਦੇ
ਕੇਹੀ ਵੰਝਲੀ ਪੌਣਾਂ ਨੇ ਛੋੲ੍ਹੀ! ਲੋਈ ਸਰ੍ਹੋਆਂ ਦੀ,
ਲੈ ਦੇ!ਲੈ ਦੇ!ਸੱਜਣ ਖੱਟੀ ਲੋਈ, ਲੋਈ ਸਰ੍ਹੋਆਂ ਦੀ...


ਦੂਰ ਚਮਕੇ ਪਹਾੜਾਂ ਦੀ ਸੱਗੀ,
ਵੇ ਮੈਂ ਰੰਗਾਂ ਦੇ ਮੇਲੇ ਨੇ ਠੱਗੀ
ਅੱਜ ਰੁੱਤ ਸੁਹਾਗਣ ਹੋਈ, ਲੋਈ ਸਰ੍ਹੋਆਂ ਦੀ.....

ਮੈਨੂੰ ਲੈ ਦੇ ਸੱਜਣ ਖੱਟੀ ਲੋਈ ! ਲੋਈ ਸਰ੍ਹੋਆਂ ਦੀ,
ਲੈ ਦੇ!ਲੈ ਦੇ!ਸੱਜਣ ਖੱਟੀ ਲੋਈ ! ਲੋਈ ਸਰ੍ਹੋਆਂ ਦੀ.....

No comments:

Post a Comment