ਅਜੇ ਨਾ ਸੱਦ ਬਰਾਤਾਂ ਮਾਏ !
ਅਜੇ ਨਾ ਸੱਦ ਬਰਾਤਾਂ ਮਾਏ ! ਅਜੇ ਨਾ ਸੱਦ ਪ੍ਰਾਹੁਣੇ
ਅਜੇ ਨਾ ਦੇ ਲਾਵਾਂ, ਫੇਰ ਨਾ ਇਹ ਦਿਨ ਆਉਣੇ
ਅਜੇ ਤਾਂ ਮਾਂ ਮੇਰੀ ਉਮਰ ਕੱਚ ਦੀ
ਠ੍ਹੋਕਰ 'ਤੇ ਭੁਰ ਜਾਣਾ
ਅਜੇ ਤਾਂ ਮੈਂ ਮਿੱਟੀ ਦਾ ਬਾਵਾ
ਪਾਣੀ ਵਿੱਚ ਖੁਰ ਜਾਣਾ
ਅਜੇ ਮੈਂ ਪੜ੍ਹਨ ਕਾਲਜੇ ਜਾਣਾ,ਅਜੇ ਮੈਂ ਲੇਖ ਲਿਖਾਉਣੇ
ਅਜੇ ਨਾ ਦੇ ਲਾਵਾਂ, ਫੇਰ ਨਾ ਇਹ ਦਿਨ ਆਉਣੇ
ਘਰ-ਗ੍ਰਹਿਸਤ ਦੀ ਧੁੱਪੜੀ ਤਿੱਖੀ
ਸੇਕ ਤੋਂ ਅਜੇ ਬਚਾ ਲੈ
ਅੰਬੜੀਏ ਨੀਂ! ਜੀਣ ਜੋਗੀਏ
ਛਾਵੇਂ ਅਜੇ ਬਿਠਾ ਲੈ
ਅਜੇ ਨਾ ਪਾਵੀਂ ਜ਼ਿੰਮੇਵਾਰੀ, ਅਜੇ ਮੈਂ ਸੁੱਖ ਹੰਢਾਉਣੇ
ਅਜੇ ਨਾ ਦੇ ਲਾਵਾਂ, ਫੇਰ ਨਾ ਇਹ ਦਿਨ ਆਉਣੇ
ਅਜੇ ਨਰਮ ਮੈਂ ਗੰਦਲ ਮਾਏ!
ਅਜੇ ਨਾ ਕੋਈ ਤੋੜੇ
ਨਾ ਭੁੱਲ ਸਕਦੀ ਨਿੱਘ ਤੁਹਾਡਾ
ਨਾ ਝੱਲ ਸਕਾਂ ਵਿਛੋੜੇ
ਅਜੇ ਸਿਖਾਉਣੀ ਊਚ-ਨੀਚ ਤੂੰ, ਅਜੇ ਤੂੰ ਢੰਗ ਸਿਖਾਉਣੇ
ਅਜੇ ਨਾ ਦੇ ਲਾਵਾਂ, ਫੇਰ ਨਾ ਇਹ ਦਿਨ ਆਉਣੇ
ਉਮਰ ਹੋਈ ਤੋਂ ਵਿਆਹ ਦਈਂ ਮੈਨੂੰ, ਸੱਦ ਲਈਂ ਜੰਨ-ਪ੍ਰਾਹੁਣੇ
ਅਜੇ ਨਾ ਦੇ ਲਾਵਾਂ, ਫੇਰ ਨਾ ਇਹ ਦਿਨ ਆਉਣੇ ।
No comments:
Post a Comment