ਆ ਮੈਂ ਤੈਨੂੰ ਸੋਹਣੀਏ ! ਜ਼ਿੰਦਗੀ ਦੀ ਹਾਣੀ ਕਰ ਦਿਆਂ...
ਮਾਂ ਵੱਲੋਂ
ਉਸ ਧੀ ਨੂੰ, ਜਿਸ 'ਤੇ ਸਰੀਰਕ-ਮਾਨਸਿਕ ਜ਼ੁਲਮ ਹੋਏ ਨੇ,ਚਾਹੇ ਉਹ ਬਲਾਤਕਾਰ ਹੈ,ਸਹੁਰਿਆਂ ਵੱਲੋਂ ਅਣਮਨੁੱਖੀ ਵਤੀਰਾ ਜਾਂ ਕੋਈ ਹੋਰ ਜ਼ੁਲਮ-ਸਿਤਮ ਤੇ ਜਿਹੜੀ ਇੰਜ ਟੁੱਟੀ-ਬਿਖਰੀ ਹੈ,ਕਿ ਜੀਣ ਦਾ ਚਾਅ ਮੁੱਕ ਗਿਐ:
ਮਨ ਦਿਆਂ ਥੇਹਾਂ ਦੇ ਉੱਤੇ ਮੋਮਬੱਤੀ ਧਰ ਦਿਆਂ
ਆਪਣੀ ਸ਼ਕਤੀ ਨੂੰ ਪਛਾਣੇਂ,ਐਸਾ ਚਾਨਣ ਕਰ ਦਿਆਂ
ਆ ਮੈਂ ਤੈਨੂੰ ਸੋਹਣੀਏ! ਜ਼ਿੰਦਗੀ ਦੀ ਹਾਣੀ ਕਰ ਦਿਆਂ...
ਸੂਰਜ-ਗੋਲੇ ਨਾਲੋਂ ਤੋੜਾਂ ਕਿਰਨਾਂ ਦੀ ਕੋਈ ਡੋਰ ਮੈਂ
ਸਾਰੇ ਫੱਟ ਸਿਉਂ ਦਿਆਂ ਤੇਰੇ,ਕਰ ਦਿਆਂ ਨਵੀਂ ਨਕੋਰ ਮੈਂ
ਬੁਝਿਆਂ ਬੁਝਿਆਂ ਨੈਣਾਂ ਦੇ ਵਿੱਚ ਖ਼ਾਬ ਰੰਗਲੇ ਧਰ ਦਿਆਂ
ਆ ਮੈਂ ਤੈਨੂੰ ਸੋਹਣੀਏ! ਜ਼ਿੰਦਗੀ ਦੀ ਹਾਣੀ ਕਰ ਦਿਆਂ...
ਕੇਸਰ ਦਾ ਮਲ਼-ਮਲ਼ ਕੇ ਵਟਣਾ ਦਾਗ ਸਾਰੇ ਲਾਹ ਦਿਆਂ
ਤੇਰੇ ਆਤਮ-ਬਲ ਦਾ ਭਾਂਡਾ ਮਾਂਜ ਕੇ ਲਿਸ਼ਕਾ ਦਿਆਂ
ਜ਼ਾਲਿਮ ਅੱਗੇ ਅੜਨ ਦਾ ਕੋਈ ਐਸਾ ਮੰਤਰ ਪੜ੍ਹ ਦਿਆਂ
ਆ ਮੈਂ ਤੈਨੂੰ ਸੋਹਣੀਏ! ਜ਼ਿੰਦਗੀ ਦੀ ਹਾਣੀ ਕਰ ਦਿਆਂ...
ਕਾਸ਼ਨੀ ਕੋਈ ਸੰਦਲੀ ਧੁੱਪਾਂ ਦੇ ਲੀੜੇ ਪਾ ਦਿਆਂ
ਚੰਦ ਦੇ ਕੁੜਤੀ ਤੇਰੀ ਨੂੰ ਫੇਰ ਬੀੜੇ ਲਾ ਦਿਆਂ
ਸਿੰਗ-ਤਵੀਤਾਂ ਤੇਰਿਆਂ ਵਿੱਚ ਨਾਗ-ਮਣੀਆਂ ਮੜ੍ਹ ਦਿਆਂ
ਆ ਮੈਂ ਤੈਨੂੰ ਸੋਹਣੀਏ! ਜ਼ਿੰਦਗੀ ਦੀ ਹਾਣੀ ਕਰ ਦਿਆਂ...
ਤੇਰਿਆਂ ਕੰਨਾਂ ਦੇ ਵਿੱਚ ਸੱਧਰਾਂ ਦੇ ਬੁੰਦੇ
ਪਾ ਦਿਆਂ
ਮੱਥੇ ਉੱਤੇ ਲਿਸ਼ਕਦੇ ਲੇਖਾਂ ਦੀ ਬਿੰਦੀ
ਲਾ ਦਿਆਂ
ਫੇਰ ਤੈਨੂੰ ਮੌਲੀਆਂ ਦਾ,ਮਹਿੰਦੀਆਂ ਦਾ ਵਰ ਦਿਆਂ
ਆ ਮੈਂ ਤੈਨੂੰ ਸੋਹਣੀਏ! ਜ਼ਿੰਦਗੀ ਦੀ ਹਾਣੀ ਕਰ ਦਿਆਂ...
ਤਾਰਿਆਂ ਨੂੰ ਗੁੰਦ ਕੇ ਮੈਂ ਤੇਰੀ ਜ਼ੁਲਫ ਸਜਾ ਦਿਆਂ
ਰਾਤ-ਰਾਣੀ ਤੋਂ ਫੜ ਖੁਸ਼ਬੋਆਂ ਤੇਰੀ ਰੂਹ ਮਹਿਕਾ ਦਿਆਂ
ਤੇਰੀਆਂ ਪੀੜਾਂ ਨੂੰ ਮੈਂ, ਆਪਣੇ ਜਿਸਮ 'ਤੇ ਜਰ ਦਿਆਂ
ਆ ਕਿ ਤੈਨੂੰ ਫੇਰ ਤੋਂ ਮੈਂ ਜੀਣ-ਜੋਗੀ ਕਰ ਦਿਆਂ...
ਪੰਜ ਨਦੀਆਂ ਦੇ ਪਾਣੀ ਦੇ ਵਿੱਚ ਪੰਜ ਪਤਾਸੇ ਘੋਲ ਕੇ
ਤੇਰੇ ਸੁੱਕਿਆਂ ਬੁਲ੍ਹਾਂ ਉੱਤੇ ਮਿੱਠਾ ਸ਼ਰਬਤ ਡੋਲ੍ਹ ਕੇ
ਚੂਸ ਲਵਾਂ ਹਟਕੋਰੇ ਸਾਰੇ ਸੁਰਖ ਹਾਸੇ ਭਰ ਦਿਆਂ
ਆ ਮੈਂ ਤੈਨੂੰ ਸੋਹਣੀਏ! ਜ਼ਿੰਦਗੀ ਦੀ ਹਾਣੀ ਕਰ ਦਿਆਂ...।
No comments:
Post a Comment