(ਪਰਦੇਸੀਂ ਜਾ ਰਹੇ ਪੁੱਤਾਂ ਦੇ ਨਾਂ....)
ਇਹ ਹੰਝੂਆਂ ਭਿੱਜੀ ਗਾਥਾ,ਹਰ ਉਸ ਘਰ ਵਿਚ ਵਰਤਦੀ ਹੈ,ਜਿਸ ਘਰ ਦਾ ਪੁੱਤ ਕਮਾਉਣ ਲਈ ਕਿਸੇ ਹੋਰ ਦੇਸ ਵੱਲ ਨੂੰ ਤੁਰਦਾ ਹੈ:
ਮਾਂ: ਲੱਗਿਆ
ਵੀਜ਼ਾ ਹੋਈ ਤਿਆਰੀ,
ਖੁਸ਼ੀਆਂ ਦੀ ਪੰਡ ਹੋ ਗਈ ਭਾਰੀ
ਇਸ ਮਿੱਟੀ
ਦੀਆਂ ਮੁੱਠਾਂ ਨਾ ਪਰ ਥਿਆਉਣਗੀਆਂ
ਮਾਂ ਕਮਲ਼ੀ ਦੀਆਂ ਗੱਲਾਂ
ਚੇਤੇ ਆਉਣਗੀਆਂ......
ਪੁੱਤ: ਡਾਲਰਾਂ ਵਾਲਾ ਦੇਸ ਬੁਲਾਏ,
ਕਿਉਂ ਘਬਰਾਏਂ ਝੱਲੀਏ ਮਾਏ!
ਹੁਣ ਨਾ ਤੈਨੂੰ
ਤੰਗੀਆਂ ਕਦੇ ਸਤਾਉਣਗੀਆਂ
ਪਰਦੇਸਾਂ ਦੀਆਂ ਮਿੱਟੀਆਂ ਰੰਗ ਦਿਖਾਉਣਗੀਆਂ
ਮਾਂ: ਵੰਡ ਦੱਤਾ ਸਭ ਲੀੜਾ-ਲੱਤਾ,
ਕਿੱਲੀ
ਟੰਗਿਆ ਰਹਿ ਗਿਆ ਕੁੜਤਾ
ਉੱਤੇ ਕੱਢੀਆਂ ਮੋਰਨੀਆਂ ਤੜਪਾਉਣਗੀਆਂ,
ਮਾਂ ਕਮਲ਼ੀ ਦੀਆਂ ਗੱਲਾਂ
ਚੇਤੇ ਆਉਣਗੀਆਂ......
------------------
ਬਕਸੇ ਵਿੱਚ ਕਿਤਾਬਾਂ ਭਰੀਆਂ,
ਫੋਟੋਆਂ,ਟੇਪਾਂ ਨੁੱਕਰੇ ਧਰੀਆਂ
ਕੋਲੋਂ
ਦੀ ਜਦ ਲੰਘੂੰਗੀ ਕੁਰਲਾਉਣਗੀਆਂ,
ਮਾਂ ਕਮਲ਼ੀ ਦੀਆਂ ਗੱਲਾਂ
ਚੇਤੇ ਆਉਣਗੀਆਂ......
ਪੁੱਤ: ਸੋਨੇ ਦਾ ਮਾਂ!ਮਹਿਲ ਪਵਾ ਦੂੰ,
ਉੱਤੇ ਤੇਰਾ ਨਾਂ ਲਿਖਵਾ ਦੂੰ
ਚਾਚੀਆਂ ਤਾਈਆਂ ਅੱਗੇ ਪਿੱਛੇ ਭੌਣਗੀਆਂ
ਅੱਖਾਂ ਨਾ ਭਰ ਮਾਏ!ਖੁਸ਼ੀਆਂ ਆਉਣਗੀਆਂ
ਮਾਂ: ਚੁੱਕ ਛਣਕਣਾ,ਗੇਂਦ,ਖਿਡੌਣਾ,
ਫਿਰੂੰ
ਟੋਲਦੀ ਰੌਣਾ-ਭੋਣਾ,
ਦਾਦੀਆਂ ਹਿੱਸੇ ਹੁਣ ਇਹ ਜੂਨਾਂ ਆਉਣਗੀਆਂ,
ਮਾਂ ਕਮਲ਼ੀ ਦੀਆਂ ਗੱਲਾਂ
ਚੇਤੇ ਆਉਣਗੀਆਂ......
------------------
ਹੱਥੀਂ ਕਦੇ ਨਾ ਪਾਣੀ ਪਾਇਆ,
ਭਈਆਂ ਉੱਤੇ ਹੁਕਮ ਚਲਾਇਆ
ਕਿੱਦਾਂ ਪੁੱਤ ਮਜ਼ਦੂਰੀਆਂ ਤੈਥੌਂ ਹੋਣਗੀਆਂ?
ਸੁਣ ਸੁਣ ਮੈਂ ਤੱਤੜੀ
ਨੂੰ ਗਸ਼ੀਆਂ ਆਉਣਗੀਆਂ
ਮਾਂ ਕਮਲ਼ੀ ਦੀਆਂ ਗੱਲਾਂ
ਚੇਤੇ ਆਉਣਗੀਆਂ......
ਪੁੱਤ: ਮਾਂ ਤੇਰਾ ਪੁਤ ਸ਼ੇਰਾਂ ਵਰਗਾ,
ਸ਼ੇਰਾਂ ਚੋਂ ਸ਼ਮਸ਼ੇਰਾਂ ਵਰਗਾ
ਖੁਦ ਤਕਦੀਰਾਂ ਮੈਥੋਂ ਲੇਖ ਲਿਖਾਉਣਗੀਆਂ
ਰਾਹ ਦੀਆਂ ਸੂਲਾਂ ਆਪਣਾ ਰੂਪ ਵਟਾਉਣਗੀਆਂ
ਮਾਂ: ਰਾਹ ਵਿੱਚ ਤੇਰੇ ਵਿਛਣ ਗਲੀਚੇ,
ਹਰੀਆਂ
ਛਾਵਾਂ,ਸੁਰਖ ਬਗੀਚੇ
ਏੇਥੇ ਸਾਰੀਆਂ ਵੇਲਾਂ ਪਰ ਕੁਮਲਾਉਣਗੀਆਂ,
ਮਾਂ ਕਮਲ਼ੀ ਦੀਆਂ ਗੱਲਾਂ
ਚੇਤੇ ਆਉਣਗੀਆਂ......
------------------
ਚੰਗਾ ਹੁਣ ਤੂੰ ਰੱਬ ਹਵਾਲੇ!
ਸਭ ਅਸੀਸਾਂ ਲੈ ਜਾ ਨਾਲੇ!
ਏੇਹੀ ਤੇਰੀ ਔਖੀ ਘੜੀ ਲੰਘਾਉਣਗੀਆਂ
ਮਾਂ ਕਮਲ਼ੀ ਦੀਆਂ ਗੱਲਾਂ
ਚੇਤੇ ਆਉਣਗੀਆਂ......।
No comments:
Post a Comment