ਬੈਰੀ ਤੋੜਨ ਬਾਬਲਾ ! ਵੇ ਤੇਰੇ ਚੰਬੇ ਦੀਆਂ ਚਿੜੀਆਂ
ਬੈਰੀ ਤੋੜਨ ਬਾਬਲਾ! ਵੇ ਤੇਰੇ ਚੰਬੇ ਦੀਆਂ ਚਿੜੀਆਂ
ਅੱਥਰੂ ਰੋੜ੍ਹਨ ਬਾਬਲਾ! ਵੇ ਤੇਰੇ ਚੰਬੇ ਦੀਆਂ ਚਿੜੀਆਂ
ਜਾਣ ਕੇ ਸੁਰਗ ਕੈਨੇਡਾ,
ਡੋਲੀ ਵਿੱਚ ਜਹਾਜ ਦੀ ਚੜ੍ਹੀਆਂ
ਨਿਰਮੋਹੀ ਧਰਤੀ ਦੇ ਉੱਤੇ,
ਡੌਰ-ਭੌਰੀਆਂ ਖੜ੍ਹੀਆਂ
ਆਪਣੇ ਲੋੜਨ ਬਾਬਲਾ ! ਵੇ ਤੇਰੇ ਚੰਬੇ ਦੀਆਂ ਚਿੜੀਆਂ
ਬੈਰੀ ਤੋੜਨ ਬਾਬਲਾ ! ਵੇ ਤੇਰੇ ਚੰਬੇ ਦੀਆਂ ਚਿੜੀਆਂ
ਇੱਕ ਸੁਫਨਾ,ਜਿਹਦਾ ਰੰਗ ਸੰਧੂਰੀ ਟੋਟੇ ਟੋਟੇ ਹੋਇਆ
ਗਰੀਨ-ਹਾਊਸ ਦੇ ਸ਼ੀਸ਼ੇ ਦੇ ਵਿੱਚ
ਧਾਹਾਂ ਮਾਰ ਕੇ ਰੋਇਆ
ਟੋਟੇ ਜੋੜਨ ਬਾਬਲਾ ! ਵੇ ਤੇਰੇ ਚੰਬੇ ਦੀਆਂ ਚਿੜੀਆਂ
ਬੈਰੀ ਤੋੜਨ ਬਾਬਲਾ ! ਵੇ ਤੇਰੇ ਚੰਬੇ ਦੀਆਂ ਚਿੜੀਆਂ
ਸਿਰ ਤੋਂ ਸੂਹੇ ਸੁੱਭਰ ਲਹਿ ਗਏ
ਫਰਜ਼-ਚਾਦਰਾਂ ਤਣੀਆਂ
ਡਾਲਰ 'ਕੱਠੇ ਕਰਨ ਵਾਲੀਆਂ
ਅੱਜ ਮਸ਼ੀਨਾਂ ਬਣੀਆਂ
ਜਿਸਮ ਨਿਚੋੜਨ ਬਾਬਲਾ ! ਵੇ ਤੇਰੇ ਚੰਬੇ ਦੀਆਂ ਚਿੜੀਆਂ
ਬੈਰੀ ਤੋੜਨ ਬਾਬਲਾ ! ਵੇ ਤੇਰੇ ਚੰਬੇ ਦੀਆਂ ਚਿੜੀਆਂ
ਗੁੱਡੀਆਂ ਵਾਂਗਰ ਤੇਰੇ ਵਿਹੜੇ
ਰਹਿ ਗਏ ਹਾਸੇ-ਰੋਸੇ
ਨਾ ਕੋਈ ਮੂੰਹ ਵਿੱਚ ਬੁਰਕੀ ਪਾਵੇ
ਨਾ ਕੋਈ ਸਿਰ ਪਲੋਸੇ
ਮੱਥਾਂ ਫੋਹੜਨ ਬਾਬਲਾ ! ਵੇ ਤੇਰੇ ਚੰਬੇ ਦੀਆਂ ਚਿੜੀਆਂ
ਬੈਰੀ ਤੋੜਨ ਬਾਬਲਾ ! ਵੇ ਤੇਰੇ ਚੰਬੇ ਦੀਆਂ ਚਿੜੀਆਂ
ਹਾੜ੍ਹਾ ਵੇ!ਬਿਨ ਦੇਖੇ ਪਰਖੇ
ਨਾ ਕੋਈ ਧੀਆਂ ਵਿਆਹਿਓ!
ਨਾ ਇਹਨਾਂ ਦੇ ਖੰਭਾਂ 'ਤੇ ਜ਼ਖਮਾਂ ਦੀ ਫ਼ਸਲ ਉਗਾਇਓ
ਉੱਡਣਾ ਲੋੜਨ ਬਾਬਲਾ! ਵੇ ਤੇਰੇ ਚੰਬੇ ਦੀਆਂ ਚਿੜੀਆਂ
ਬੈਰੀ ਤੋੜਨ ਬਾਬਲਾ! ਵੇ ਤੇਰੇ ਚੰਬੇ ਦੀਆਂ ਚਿੜੀਆਂ
No comments:
Post a Comment