Wednesday, 9 November 2016

https://www.facebook.com/gurminder.sidhu.35/videos/10157650301580173/


ਬੈਰੀ ਤੋੜਨ ਬਾਬਲਾ,ਵੇ ਤੇਰੀਆਂ ਲਾਡਲੀਆਂ ਧੀਆਂ

Friday, 5 August 2016

ਇਕ  ਗੀਤ  ਜ਼ਿਮੀਂ 'ਤੇ  ਉੱਤਰੇ ਵੇ...

ਕਿਰਨਾਂ  ਦਾ   ਝਾੜੂ ਲੈਕੇ
ਨਿੱਤ ਜਾਂ ਸਵੇਰ ਕੁੜੀ
ਨ੍ਹੇਰਿਆਂ ਨੂੰ ਲਾਈ ਜਾਵੇ ਨੁੱਕਰੇ ਵੇ !
ਇਕ ਗੀਤ ਜ਼ਿਮੀਂ 'ਤੇ ਉੱਤਰੇ ਵੇ !

ਨਿੱਕੀ ਜਿਹੀ ਮਿੱਠੀ ਦੇ ਕੇ
ਆਲ਼ਾ-ਭੋਲ਼ਾ ਬਾਲ ਕੋਈ
ਤੋਤਲੀ ਜਿਹੀ ਗੱਲ ਮੂੰਹੋਂ ਉੱਚਰੇ ਵੇ
ਇਕ ਗੀਤ ਜ਼ਿਮੀਂ 'ਤੇ ਉੱਤਰੇ ਵੇ !
  
ਚਾਨਣੀ ਦੀ ਰਾਤ ’ਚ
ਸ਼ਹਿਦ-ਨੈਣੀ ਗੋਰੀ ਕੋਈ
ਵਿਚੋਂ ਹੱਸੇ ਉੱਤੋਂ ਮੁਕਰੇ ਵੇ
ਇਕ ਗੀਤ ਜ਼ਿਮੀਂ 'ਤੇ ਉੱਤਰੇ ਵੇ!

ਪੋਟਿਆਂ ਦੇ ਨਾਲ ਜਾਂ
ਗੁਲਾਬ ਰੰਗੀ ਕੁੜੀ ਕੋਈ
ਰੇਤਾ ਉੱਤੇ ਨਾਮ ਕੋਈ ਉੱਕਰੇ ਵੇ
ਇਕ ਗੀਤ ਜ਼ਿਮੀਂ 'ਤੇ ਉੱਤਰੇ ਵੇ !

ਅੱਧੀ ਅੱਧੀ ਰਾਤ ਤੱਕ
ਪੀੜਾਂ ਵਿੰਨ੍ਹੇ ਕਾਲਜੇ ਨੂੰ
ਬਿਰਹਾ ਦਾ ਤੋਤਾ ਹੋਰ ਕੁਤਰੇ ਵੇ
ਇਕ ਗੀਤ ਜ਼ਿਮੀਂ 'ਤੇ ਉੱਤਰੇ ਵੇ !

ਕੰਡਿਆਂ ਦੀ ਵਾੜ ਵਿਚੋਂ
ਝਾਤੀ ਮਾਰ ਫੁੱਲ ਕੋਈ
ਹੱਸ ਕੇ ਭੁਲਾਵੇ ਸਾਰੇ ਦੁਖੜੇ ਵੇ !
ਇਕ ਗੀਤ ਜ਼ਿਮੀਂ 'ਤੇ ਉੱਤਰੇ ਵੇ !
ਮੈਂ  ਹਾਂ ਪੰਜਾਬੀ  ਬੋਲੀ, ਮੇਰੇ ਲਾਡਲਿਓ !


ਮੈਂ ਹਾਂ  ਪੰਜਾਬੀ  ਬੋਲੀ, ਮੇਰੇ ਲਾਡਲਿਓ !
ਰਾਣੀ ਤੋਂ ਬਣ ਗਈ ਗੋਲੀ, ਮੇਰੇ ਲਾਡਲਿਓ !

ਮੈਂ ਮਿੱਠੜੀ ਗੁੜ੍ਹਤੀ ਬਣਕੇ, ਤੁਹਾਡੇ ਲਹੂ ਦੇ ਵਿੱਚ ਸਮਾਈ
ਫਿਰ ਮਾਂ ਦੇ ਸੀਰ ਦੇ ਅੰਦਰ, ਮੈਂ ਨਿੱਤ ਸ਼ੀਰਨੀ ਪਾਈ
ਜ਼ਿੰਦਗੀ ਦੀ ਕੁੰਡੀ ਖੋਲ੍ਹੀ, ਮੇਰੇ ਲਾਡਲਿਓ !

ਮੈਂ ਗਈ ਸਦੱਕੜੇ-ਵਾਰੀ, ਤੁਸੀਂ ਜਦੋਂ ਬੁੱਕਲ਼ ਵਿੱਚ ਆਏ
ਜਦ ਤੁਰੇ ਗੰਢੀਰਾ ਫੜ ਕੇ, ਮੈਂ ਸੌ ਸੌ ਸ਼ਗਨ ਮਨਾਏ
ਤੇ ਵੰਡੀ ਸ਼ੱਕਰ ਪੋਲੀ, ਮੇਰੇ ਲਾਡਲਿਓ !

ਬਚਪਨ  ਦੇ  ਝੱਗੇ ਨੂੰ ਮੈਂ ਖੇਡਾਂ ਦਾ ਗੋਟਾ ਲਾਇਆ
ਤੇ ਰੰਗੀ ਛੈਲ ਜਵਾਨੀ, ਤੁਹਾਨੂੰ ਚੜ੍ਹਿਆ ਰੂਪ ਸਵਾਇਆ
ਫਿਰ ਚਾੜ੍ਹਿਆ ਘੋੜੀ ਡੋਲੀ, ਮੇਰੇ ਲਾਡਲਿਓ !

ਹਰ ਪਹਿਰ ਉਮਰ ਦਾ ਮੈਂ ਹੀ ਗੀਤਾਂ ਦੇ ਨਾਲ ਸਜਾਇਆ
ਕਿਤੇ ਗਿੱਧੇ, ਕਿਧਰੇ ਭੰਗੜੇ, ਮੈ ਰੱਜ ਰੱਜ ਢੋਲ ਵਜਾਇਆ
ਵਜਾਏ ਘੜਾ-ਘੜੋਲੀ, ਮੇਰੇ ਲਾਡਲਿਓ!

ਹੁਣ ਤੁਸੀਂ ਉਡਾਰੂ ਹੋਏ, ਤੇ ਭੁੱਲ ਗਏ ਆਪਣੀ ਮਿੱਟੀ
ਮਾਂ-ਬੋਲ਼ੀ ਲੱਗੇ ਕਾਲ਼ੀ , ਬਾਕੀ ਹਰ ਬੋਲੀ ਚਿੱਟੀ
ਮਾਂ ਕੌਡੀਆਂ ਦੇ ਸੰਗ ਤੋਲੀ, ਮੇਰੇ ਲਾਡਲਿਓ !

ਜੋ ਆਪਣੀ ਮਾਂ ਨੂੰ ਨਿੰਦੇ,ਉਹਨੂੰ ਮਾਣ ਕਿਤੇ ਨਾ ਮਿਲਦਾ
ਬੱਸ ਹੋਵੇ ਜੱਗ-ਹਸਾਈ, ਸਨਮਾਨ  ਕਿਤੇ  ਨਾ ਮਿਲਦਾ
ਮੈਂ ਸੱਚ ਦੀ ਗੰਢੜੀ ਫੋਲੀ , ਮੇਰੇ ਲਾਡਲਿਓ!

ਮੈਂ  ਤਾਜ  ਤੁਹਾਡੇ ਸਿਰ ਦਾ, ਨਾ ਪੈਰਾਂ  ਦੇ ਵਿੱਚ ਰੋਲ਼ੋ
ਭਾਵੇਂ ਸਿੱਖੋ ਹਰ ਇਕ ਬੋਲੀ, ਪਰ ਮਾਂ-ਬੋਲੀ ਵਿੱਚ ਬੋਲੋ
'ਪੈਂਤੀ' ਨਾਲ ਸਜੇ ਰੰਗੋਲੀ , ਮੇਰੇ ਲਾਡਲਿਓ !


ਮੈਂ ਹਾਂ ਪੰਜਾਬੀ ਬੋਲੀ,ਮੇਰੇ ਲਾਡਲਿਓ !
ਮੈਨੂੰ ਰਹਿਣ ਦਿਓ ਨਾ ਗੋਲੀ, ਮੇਰੇ ਲਾਡਲਿਓ !
 ਜਾਂਦੀਏ ਹਵਾਏ !..ਕੇਹੀ  ਲਾਈ ਅੱਗ ਵੈਰਨੇਂ ਨੀ.

ਜਾਂਦੀਏ  ਹਵਾਏ ! ਕੇਹੀ ਲਾਈ ਅੱਗ ਵੈਰਨੇਂ ਨੀ
ਪੋਟਾ ਪੋਟਾ ਦਿੱਤਾ ਈ ਜਲਾ
ਨੈਣਾਂ ਵਿੱਚ ਸਾਡੇ ਅੱਜ ਹੰਝੂ ਨੇ ਉਬਾਲੇ ਖਾਂਦੇ
ਮੱਚੇ ਮੱਚੇ ਆਉਣ ਸਾਨੂੰ ਸਾਹ

ਇਕ ਇਕ ਪਲ ਔਖਾ ਜਿਹਦੇ ਬਿਨ ਕੱਟਣਾ ਨੀ
ਉਹ ਅੱਜ ਰੁੱਸ ਨੀ ਗਿਆ

ਉਹਦੇ ਬਿਨਾਂ ਸਾਨੂੰ ਏਹ ਜ਼ਿੰਦਗੀ ਸਰਾਪ ਲੱਗੇ
ਉਹਨੂੰ ਅੱਡ ਰਹਿਣ ਵਾਲਾ ਚਾਅ

ਨਿੱਕੀ ਜਿਹੀ ਗੱਲੇ ਰੁੱਸ ਗਿਆ ਨੀ ਦਿਲਾਂ ਦਾ ਜਾਨੀ
ਛਮ-ਛਮ ਗਿਆ ਈ ਰੁਆ

ਪਿਆਰ ਵਾਲੀ ਗਾਨੀ ਏਦਾਂ ਮਾਰੀ ਨੀ ਵਗਾਹ ਕੇ ਉਸ
ਮੋਤੀ ਮੋਤੀ ਗਿਆ ਈ ਖਿੰਡਾ

ਭੁੱਲ ਗਿਆ ਸਾਰੇ ਇਕਰਾਰ ਉਹ ਮੁਹੱਬਤਾਂ ਦੇ
ਸਾਨੂੰ ਗਿਆ ਵਖਤਾਂ ’ਚ ਪਾ

ਉੱਡ ਜਾਣੈਂ ਉਹਦੇ ਬਿਨ ਸਾਹਾਂ ਦੇ ਕਬੂਤਰਾਂ ਨੇ
ਇਹ ਵੀ ਉਹਨੂੰ ਕੋਈ ਨਾ ਪਤਾ

ਕੋਠੇ ਉੱਤੇ ਚੜ੍ਹ ਕੇ ਉਦਾਸ ਹੋਈ ਦੇਖਦੀ ਹਾਂ
ਉਹਦੇ ਤੁਰ ਜਾਣ ਵਾਲਾ ਰਾਹ

ਮਹਿਰਮੇਂ ਹਵਾਏ ! ਕੁਰਬਾਨ ਜਾਵਾਂ ਤੇਰੇ ਉੱਤੋਂ
ਹਾੜ੍ਹਾ ਉਹਨੂੰ ਮੋੜ ਕੇ ਲਿਆ


ਹਾੜ੍ਹਾ ਉਹਨੂੰ ਮੋੜ ਕੇ ਲਿਆ !
ਜਾਂਦੀਏ  ਹਵਾਏ .. ਜਿੱਥੇ ਮੇਰੇ ਮਾਹੀ ਦਾ ਦੇਸ

ਜਾਂਦੀਏ  ਹਵਾਏ ! ਮੈਨੂੰ ਲੈ ਕੇ ਚੱਲ ਮਹਿਰਮੇਂ ਨੀ !
ਜਿੱਥੇ ਮੇਰੇ ਮਾਹੀ ਦਾ ਦੇਸ
ਉਹਦੇ ਬਿਨਾਂ ਓਪਰੇ ਨੇ ਹਾਰ ਤੇ ਸ਼ਿੰਗਾਰ ਸਾਨੂੰ
ਆਪਣਾ ਹੀ ਪਿੰਡ ਪਰਦੇਸ

ਰੋਕਿਆ ਨਾ ਕਾਹਤੋਂ ਪੈਰੀਂ ਪੈ ਕੇ ਮਾਹੀ ਜਾਂਦਾ ਜਾਂਦਾ
ਨਿੱਤ ਜਿੰਦ ਕਰਦੀ ਕਲੇਸ਼

ਨਿੱਤ ਅਸੀਂ  ਫੁੱਲਾਂ ਕੋਲੋਂ ਹਾਸੇ ਨੀ ਕੁਆਰੇ ਲੈ ਕੇ
ਹੰਝੂਆਂ ਦੇ ਮੁੱਲ ਦਿੰਦੇ ਵੇਚ

ਨਿੱਤ ਅਸੀਂ ਤਾਰਿਆਂ ਦੇ ਕੋਲ ਪਾਉਂਦੇ ਬਾਤ ਉਹਦੀ
ਉੱਤੇ ਲੈ ਕੇ ਦਰਦਾਂ ਦਾ ਖੇਸ

ਨਿੱਤ ਅਸੀਂ ਸਾਗਰਾਂ ਤੋਂ ਲੈ ਕੇ ਲੱਪ ਪਾਣੀਆਂ ਦੀ
ਨੈਣਾਂ ਵਿੱਚ ਲੈਂਦੇ ਹਾਂ ਸਮੇਟ

ਨਿੱਤ ਅਸੀਂ ਅੰਬਰਾਂ ਦੇ ਨਾਲ ਖਹਿ ਕੇ ਬੈਠਦੇ ਹਾਂ
ਬੱਦਲਾਂ ਦੀ ਲੈਂਦੇ ਹਾਂ ਸਲੇਟ

ਬਿਜਲੀ ਦੇ ਨਾਲ ਪਾਉਂਦੇ ਔਸੀਆਂ ਹਾਂ ਉਹਦੇ ਉੱਤੇ
ਕਣੀਆਂ ਦੇ ਨਾਲ ਦਿੰਦੇ ਮੇਟ

ਨਿੱਤ ਅਸੀਂ ਮੌਤ ਕੋਲੋਂ ਜ਼ਿੰਦਗੀ ਉਧਾਰੀ ਲੈ ਕੇ
ਉਹਦੇ ਰਾਹਾਂ ਵੱਲ ਲੈਂਦੇ ਦੇਖ
ਜਿਹਦੇ ਬਿਨਾਂ ਓਪਰੇ ਨੇ ਹਾਰ ਤੇ ਸ਼ਿੰਗਾਰ ਸਾਨੂੰ
ਆਪਣਾ ਹੀ ਪਿੰਡ ਪਰਦੇਸ


ਜਾਂਦੀਏ ਹਵਾਏ ! ਨੀਂ ਜਾਂਦੀਏ ਹਵਾਏ...
ਜਾਂਦੀਏ  ਹਵਾਏ...ਜਿਹੜਾ  ਜਾ  ਕੇ ਘਰ ਨਾ ਮੁੜੇ...

ਜਾਂਦੀਏ  ਹਵਾਏ ! ਜਾਵੀਂ ਉਹਦੇ ਕੋਲ ਮਹਿਰਮੇਂ ਨੀਂ !
ਜਿਹੜਾ ਜਾ ਕੇ ਘਰ ਨਾ ਮੁੜੇ
ਜਾ ਕੇ ਪਰਦੇਸ ਵਿੱਚ ਭੁੱਲਿਆ ਏ ਦੇਸ ਜਿਹਨੂੰ
ਜਿਹਦਾ ਦਿਲ ਗੈਰਾਂ ’ਚ ਜੁੜੇ

ਆਖੀਂ ਉਹਨੂੰ ਤੇਰੇ ਘਰ ਰਾਤਾਂ ਨੇ ਚਨਾਬ ਹੋਈਆਂ
ਨਿੱਤ ਤੇਰੀ ਸੋਹਣੀ ਵੇ ਰੁੜ੍ਹੇ

ਇੱਕ ਇੱਕ ਤਾਰਾ ਬਣ ਸੂਈ ਤਿੱਖੀ ਨੋਕ ਵਾਲੀ
ਨਿੱਤ ਉਹਦੀ ਅੱਖ ਵਿੱਚ ਪੁੜੇ

ਆਖੀਂ ! ਤੇਰੀ ਹੀਰ ਚੰਗਿਆੜਿਆਂ ਨੂੰ ਚੁੰਮਦੀ ਏ
ਜਦੋਂ ਜਦੋਂ ਵਗਦੇ ਪੁਰੇ

ਇੱਕ ਇੱਕ ਪੈੜ ਉਹਦੀ ਲਹੂ ਜਾਵੇ ਛੱਡਦੀ ਵੇ !
ਜਦੋਂ ਜਦੋਂ ਚੰਦਰੀ ਤੁਰੇ

ਆਖੀਂ ਉਹਦੇ ਸਾਹਾਂ ਵਿੱਚੋਂ ਕੋਇਲਾਂ ਦੀ ਕੂਕ ਸੁਣੇ
ਦਿਲਾਂ ਵਾਲੇ ਦਰਦ ਬੁਰੇ

ਨੈਣਾਂ ਉਹਦਿਆਂ ਦੇ ਵਿੱਚ ਸਾਉਣ ਦਾ ਵਸੇਬਾ ਹੋਇਐ
ਲੱਗਦੇ ਛਰਾਟੇ ਨੇ ਛੁਰੇ

ਆਖੀਂ ਤੇਰੇ ਵਿਹੜੇ ਵਿੱਚ ਸਿਵਿਆਂ ਦੀ ਚੁੱਪ ਹੱਸੇ
ਕੰਢਿਆਂ ਤੋਂ ਜ਼ਿੰਦਗੀ ਭੁਰੇ

ਡਾਲਰਾਂ ਦੇ ਲੋਭੀਆ ਵੇ ! ਮਿਸ਼ਰੀ ਦੀ ਡਲੀ ਤੇਰੀ
ਹੰਝੂਆਂ ’ਚ ਨਿੱਤ ਵੇ ਖੁਰੇ

ਜਾਂਦੀਏ ਹਵਾਏ ! ਜਾਵੀਂ ਉਹਦੇ ਕੋਲ ਮਹਿਰਮੇਂ ਨੀਂ
ਜਿਹੜਾ ਜਾ ਕੇ ਘਰ ਨਾ ਮੁੜੇ
ਜਾ ਕੇ ਪਰਦੇਸ ਵਿੱਚ ਭੁੱਲਿਆ ਏ ਦੇਸ ਜਿਹਨੂੰ
ਜਾ ਕੇ ਜਿਹਦਾ ਦਿਲ ਗੈਰਾਂ ’ਚ ਜੁੜੇ

ਜਾਂਦੀਏ ਹਵਾਏ ! ਨੀਂ ਜਾਂਦੀਏ ਹਵਾਏ...
ਜਾਂਦੀਏ  ਹਵਾਏ ! ਲੈ ਕੇ ਸੁਨੇਹਾ ਮੇਰਾ ਜਾ
         
ਜਾਂਦੀਏ ਹਵਾਏ ! ਮੇਰੇ ਕੋਲ ਰੁਕ ਮਹਿਰਮੇਂ ਨੀ
ਲੈ ਕੇ ਸੁਨੇਹਾ ਮੇਰਾ ਜਾ !
ਆਖੀਂ ਮੇਰੇ ਢੋਲਣੇ ਨੂੰ, ਗੋਰੀ ਵੇ ਉਡੀਕੇ ਤੈਨੂੰ
ਬਣ ਕੇ ਪ੍ਰਾਹੁਣਾ ਮਾਹੀ ਆ !

ਆਖੀਂ ਉਹਦੇ ਚੂੜੇ ਦਾ ਉਦਾਸ ਹੋਇਐ ਸੂਹਾ ਰੰਗ
ਮਾਰਦਾ ਏ ਪੀਲ਼ੀ ਪੀਲ਼ੀ ਭਾਅ

ਆਖੀਂ ਉਹਦੇ ਨੈਣਾਂ ਵਿੱਚ ਸਾਉਣ ਮਹਿਮਾਨ ਹੋਇਐ
ਨਿੱਤ ਦੇਂਦਾ ਛਹਿਬਰ ਲਾ

ਕਾਗਾਂ ਗਲ਼ ਲੱਗ ਰੋਵੇ ਸਾਰਾ ਦਿਨ ਹੀਰ ਤੇਰੀ
ਪੀੜਾਂ ਵਿੰਨ੍ਹ ਦਿੱਤੇ ਉਹਦੇ ਸਾਹ

ਸੂਹੀ ਸੂਹੀ ਰੱਤ ਚੋਵੇ, ਚਿੱਟੇ ਚਿੱਟੇ ਪੋਟਿਆਂ ’ਚੋਂ
ਔਸੀਆਂ ਪਾ ਲਏ ਜੋ ਘਸਾ

ਦਿਨ ਨੇ ਵੀਰਾਨ ਉਹਦੇ, ਰਾਤਾਂ ਸ਼ਮਸ਼ਾਨ ਹੋਈਆਂ
ਨਿੱਤ ਤੁਰੇ ਸਿਵਿਆਂ ਦੇ ਰਾਹ

ਮੁੜ ਮੁੜ ਅੱਖਾਂ ਨਾਲ ਲਾ ਕੇ ਤਸਵੀਰ ਤੇਰੀ
ਹੰਝੂਆਂ ਵਿੱਚ ਦਿੰਦੀ ਏ ਨੁਹਾ

ਹਉਕਿਆਂ ਦੀ 'ਵਾਜ ਆਵੇ ਝਾਂਜਰਾਂ ਦੇ ਗੀਤ ਵਿਚੋਂ
ਇਸ਼ਕੇ ਦਾ ਰੋਗ ਬੁਰਾ

ਪੌਂਡਾਂ ਦਿਆ ਲੋਭੀਆ ਵੇ ! ਰੁਲ਼ ਗਿਆ ਹੀਰਾ ਤੇਰਾ
ਵੈਰੀਆ ਵੇ ! ਆ ਕੇ ਤੱਕ ਜਾ

ਜਾਂਦੀਏ ਹਵਾਏ ! ਮੇਰੇ ਕੋਲ ਰੁਕ ਮਹਿਰਮੇਂ ਨੀ
ਲੈ ਕੇ ਸੁਨੇਹਾ ਮੇਰਾ ਜਾ !
ਆਖੀਂ ਮੇਰੇ ਢੋਲਣੇ ਨੂੰ, ਗੋਰੀ ਵੇ ਉਡੀਕੇ ਤੈਨੂੰ
ਬਣ ਕੇ ਪ੍ਰਾਹੁਣਾ ਮਾਹੀ ਆ !

ਜਾਂਦੀਏ ਹਵਾਏ ! ਨੀਂ ਜਾਂਦੀਏ ਹਵਾਏ...
ਸੱਜਣਾ  ਵੇ ਸਾਂਵਲਿਆ !.........

ਦਿਲ ਕੱਢ ਕੇ  ਦਲੀਜ਼ ਉੱਤੇ  ਰੱਖਿਆ,  ਸੱਜਣਾ ਵੇ ਸਾਂਵਲਿਆ !
ਯਾਦਾਂ ਤੇਰੀਆਂ ਦਾ ਨਾਗ ਸੀਨੇ ਡੱਕਿਆ, ਸੱਜਣਾ ਵੇ ਸਾਂਵਲਿਆ !

ਹਾੜ੍ਹਾ ਮੰਨ ਜਾ ! ਓ ਰੁਸ ਜਾਣ ਵਾਲਿਆ
ਝੀਲ  ਸਾਡੇ  ਨੈਣਾਂ  ਨੂੰ ਬਣਾਣ ਵਾਲਿਆ
ਹੇਠਾਂ ਪਲਕਾਂ ਦੇ ਪਿਆਰ ਤੇਰਾ ਢਕਿਆ, ਸੱਜਣਾ ਵੇ ਸਾਂਵਲਿਆ !

ਉਮਰਾਂ ਦਾ ਲਟੋ-ਲਟ ਬਲਿਐ ਤੰਦੂਰ ਵੇ !
ਤਪ ਤਪ ਦੇਖ  ਰੰਗ  ਹੋ ਗਿਐ ਸੰਧੂਰ ਵੇ !
ਰੁੱਤ ਜੋਬਨਾਂ ਦੀ ਰੂਪ ਸਾਡਾ ਭਖਿਆ, ਸੱਜਣਾ ਵੇ ਸਾਂਵਲਿਆ ! .

ਕਰ ਕੇ ਨਾ ਜਾ ਤੂੰ ਸਾਡੀ ਪੁੰਨਿਆ ਹਨ੍ਹੇਰੀ ਵੇ !
ਇਸ਼ਕ  ਅਟੇਰਨੇ  'ਤੇ  ਜਿੰਦ  ਹੈ  ਅਟੇਰੀ ਵੇ !
ਅਸੀਂ ਸਮਝ ਮੁਲੱਠੀ ਮਹੁਰਾ ਚੱਖਿਆ, ਸੱਜਣਾ ਵੇ ਸਾਂਵਲਿਆ !.

ਤੇਰੇ ਬਿਨਾਂ ਗਮਾਂ ਦੇ ਛਰਾਟੇ ਵਿਹੜੇ ਲਹਿਣਗੇ
ਦਰਦਾਂ ਦੇ ਤਿਲੀਅਰ ਚੀਚੀ  ਉੱਤੇ ਬਹਿਣਗੇ
ਸਾਥੋਂ ਜਾਣਾ ਨਹੀਂਓਂ ਦੁੱਖ ਐਨਾ ਚੱਕਿਆ, ਸੱਜਣਾ ਵੇ ਸਾਂਵਲਿਆ !

ਦਿਲ ਕੱਢ ਕੇ  ਦਲੀਜ਼ ਉੱਤੇ  ਰੱਖਿਆ, ਸੱਜਣਾ ਵੇ ਸਾਂਵਲਿਆ !
ਯਾਦਾਂ ਤੇਰੀਆਂ ਦਾ ਨਾਗ ਸੀਨੇ ਡੱਕਿਆ,ਸੱਜਣਾ ਵੇ ਸਾਂਵਲਿਆ ! 
ਇੰਜ  ਛੱਡ ਕੇ ਨਾ ਜਾਹ !............                      

ਇੰਜ ਛੱਡ ਕੇ ਨਾ ਜਾਹ ! ਮਿੱਠੇ ਲਾਰਿਆਂ ਦੇ ਨਾਲ
ਸਾਡਾ ਹੋਣਾ ਨਹੀਂ ਗੁਜ਼ਾਰਾ,ਹੰਝੂ ਖਾਰਿਆਂ ਦੇ ਨਾਲ

ਅਸੀਂ ਗਿੱਲੇ ਸਰਕੰਡੇ
ਅਸੀਂ ਬਰਫਾਂ ਤੋਂ ਠੰਢੇ
ਅਸੀ  ਮੱਚਣਾ ਨਹੀਂ ਬੁਝਿਆਂ ਅੰਗਾਰਿਆਂ ਦੇ ਨਾਲ
ਸਾਡਾ ਹੋਣਾ ਨਹੀਂ ਗੁਜ਼ਾਰਾ ਵੇ ਤੇਰੇ ਲਾਰਿਆਂ ਦੇ ਨਾਲ
ਇੰਜ ਛੱਡ ਕੇ ਨਾ ਜਾਹ !...........................

ਅਸੀਂ ਥਲਾਂ ਦੇ ਸਤਾਏ
ਤੈਥੋਂ ਪਾਣੀ ਲੈਣ ਆਏ
ਸਾਨੂੰ ਟਾਲ ਨਾ ਤੂੰ  ਸੁੱਕਿਆਂ  ਕਿਨਾਰਿਆਂ  ਦੇ  ਨਾਲ
ਸਾਡਾ ਹੋਣਾ ਨਹੀਂ ਗੁਜ਼ਾਰਾ ਵੇ ਹੰਝੂ ਖਾਰਿਆਂ ਦੇ ਨਾਲ
ਇੰਜ ਛੱਡ ਕੇ ਨਾ ਜਾਹ ! ...........................

ਅਸੀਂ ਰਿਸ਼ਮਾਂ ਦੇ ਪੂਲ਼ੇ
ਅਸੀਂ ਕਲੀਆਂ ਤੋਂ ਕੂਲੇ
ਸਾਨੂੰ ਵੱਢ  ਨਾ  ਵਿਛੋੜੇ  ਦਿਆਂ  ਆਰਿਆਂ  ਦੇ ਨਾਲ
ਸਾਡਾ ਹੋਣਾ ਨਹੀਂ ਗੁਜ਼ਾਰਾ ਵੇ ਤੇਰੇ ਲਾਰਿਆਂ ਦੇ ਨਾਲ
ਇੰਜ  ਛੱਡ ਕੇ ਨਾ ਜਾਹ !...........................

ਅਸੀਂ ਜੱਗ ਛੱਡ ਦਈਏ
ਲੋਕ ਲੱਜ  ਛੱਡ ਦਈਏ
ਸਾਨੂੰ ਸੱਦ ਕੇ ਤਾਂ ਦੇਖ ਤੂੰ ਇਸ਼ਾਰਿਆਂ ਦੇ ਨਾਲ
ਸਾਡਾ ਹੋਣਾ ਨਹੀਂ ਗੁਜ਼ਾਰਾ ਹੰਝੂ ਖਾਰਿਆਂ ਦੇ ਨਾਲ।
  
ਇੰਜ ਛੱਡ ਕੇ ਨਾ ਜਾਹ ! ਮਿੱਠੇ  ਲਾਰਿਆਂ ਦੇ ਨਾਲ
ਸਾਡਾ ਹੋਣਾ ਨਹੀਂ ਗੁਜ਼ਾਰਾ ਹੰਝੂ ਖਾਰਿਆਂ ਦੇ ਨਾਲ।


ਸੁਫ਼ਨੇ ਗੁਲਾਬੀ ਰੰਗ ਦੇ.....

ਤੂੰ ਤਾਂ ਤੁਰ ਗਿਉਂ ਅੱਖਾਂ ਦੇ ਵਿੱਚ ਧਰਕੇ ਸੁਫ਼ਨੇ ਗੁਲਾਬੀ ਰੰਗ ਦੇ
ਹੁਣ  ਡੁੱਲ੍ਹਦੇ  ਕਟੋਰੇ  ਭਰਕੇ , ਸੁਫ਼ਨੇ  ਗੁਲਾਬੀ  ਰੰਗ   ਦੇ.....

ਅੱਧੀ ਰਾਤ ਨੂੰ ਪਹਿਰ ਦੇ ਤੜਕੇ
ਤਾਰਿਆਂ ਦੀ ਪੰਡ ਖੁੱਲ੍ਹ ਗਈ
ਸਾਥੋਂ ਗਈ ਨਾ ਸੰਭਾਲੀ ਵਿੱਚ ਮੁੱਠੀ ਦੇ
ਮੁਹੱਬਤਾਂ ਦੀ ਖੰਡ ਡੁੱਲ੍ਹ ਗਈ
ਲੋਕੀ ਹੱਸਦੇ ਇਸ਼ਾਰੇ ਕਰਕੇ, ਸੁਫ਼ਨੇ ਸ਼ਰਾਬੀ ਰੰਗ ਦੇ.........

ਅਸੀਂ ਰਾਤ ਦੇ ਸਿਰਹਾਣੇ ਬਾਹਾਂ ਰੱਖ ਕੇ
ਜੋਗਣਾਂ ਦੇ ਦੇਸ ਤੁਰ ਗਏ
ਤੇਰੇ ਕੱਚੇ ਵੇ ਘੜੇ ਜਿਹੇ ਵਾਅਦੇ
ਪਾਣੀਆਂ ਦੇ ਵਿੱਚ ਖੁਰ ਗਏ
ਪੈਣੇ ਲੱਭਣੇ ਝਨਾਵਾਂ ਤਰਕੇ , ਸੁਫ਼ਨੇ ਚਨਾਬੀ ਰੰਗ ਦੇ.........

ਸੁੰਨ ਚੜ੍ਹ ਗਿਆ ਮਾਹੀ ਵੇ ਸਾਡੀ ਜਿੰਦ ਨੂੰ
ਬਰਫ਼ਾਂ ਦੀ ਸੇਜ ਹੋ ਗਈ
ਅੱਥਰੀ ਵਸਲ ਦੇ ਬੂਹੇ 
ਹੰਝੂਆਂ ਦਾ ਤੇਲ ਚੋ ਗਈ
ਨਹੀਂਓ ਖਿੜਦੇ ਰਹਿਣ ਸਦਾ ਡਰ ਕੇ,ਸੁਫ਼ਨੇ ਉਨ੍ਹਾਬੀ ਰੰਗ ਦੇ.........

ਰਾਤੀਂ ਲੱਗਦਾ ਸਰਾਪ ਸਾਡੀ ਨੀਂਦ ਨੂੰ
ਦਿਨੇ ਤੇਰੀ ਤੇਹ ਲੱਗਦੀ
ਬੱਘੀ ਸਾਹਾਂ ਦੀ ਰੁਕੇ ਨਾ ਇੱਕ ਪਲ ਵੀ
ਸਿਵਿਆਂ ਨੂੰ ਜਾਵੇ ਭੱਜਦੀ
ਬੁਝ ਜਾਣਗੇ ਰਾਖ ਠੰਢੀ ਕਰਕੇ,ਸੁਫ਼ਨੇ ਮਤਾਬੀ ਰੰਗ ਦੇ......

ਤੂੰ ਤਾਂ ਤੁਰ ਗਿਓਂ ਅੱਖਾਂ ਦੇ ਵਿੱਚ ਧਰਕੇ,ਸੁਫ਼ਨੇ ਗੁਲਾਬੀ ਰੰਗ ਦੇ
ਹੁਣ  ਡੁੱਲ੍ਹਦੇ  ਕਟੋਰੇ  ਭਰਕੇ , ਸੁਫ਼ਨੇ  ਗੁਲਾਬੀ  ਰੰਗ   ਦੇ.....
ਸੁੱਕ  ਚੱਲਿਆ ਵੇ !  ਨੀਲੇ ਸਰਾਂ ਵਿੱਚੋਂ ਪਾਣੀ

ਸੁੱਕ  ਚੱਲਿਆ ਵੇ ! ਨੀਲੇ ਸਰਾਂ ਵਿੱਚੋਂ ਪਾਣੀ
ਮੁੜ ਚੱਲੇ ਡਾਢਿਆ ਵੇ  ! ਏਥੋਂ ਹੰਸ ਤਿਹਾਏ
ਗੁੰਮ ਚੱਲੀਆਂ ਵੇ ! ਤੇਰੀ ਡਾਚੀ ਦੀਆਂ ਪੈੜਾਂ
ਹਾਇ ਪੁੰਨਣਾ ਵੇ !  ਅਸੀਂ ਮੋਤੀ ਗੁਆਏ

ਦਿਲ ਵਾਲੀ ਚਾਟੀ ਤੇ ਧੜਕਣ ਮਧਾਣੀ
ਰਿੜਕਾਂ ਮੈਂ ਦੁੱਧ ਕਿ ਰਿੜਕਾਂ ਮੈਂ ਪਾਣੀ?
ਨਹੀਂਉਂ ਤਰਦਾ ਵੇ ! ਤੇਰੇ ਵਸਲਾਂ ਦਾ ਪੇੜਾ
ਨਾ ਜ਼ਾਲਿਮਾ ਵੇ !  ਤੇਰੀ ਖੁਸ਼ਬੋਈ ਆਏ

ਪਿਛਲਾ ਪਹਿਰ, ਨ੍ਹੇਰਾ ਗੂੜ੍ਹਾ ਤੇ ਗਹਿਰਾ
ਸੋਚਾਂ ਦੇ ਸੰਗਲ, ਇਛਾਵਾਂ ਦਾ ਪਹਿਰਾ
ਕਿੰਜ ਟੱਪਾਂ ਵੇ ! ਇਹਨਾਂ ਜਿਸਮਾਂ ਦੀ ਦੇਹਲੀ ?
ਕਿੱਦਾਂ ਖੋਲ੍ਹਾਂ ਡਾਢਿਆ ਵੇ ! ਤਾਲੇ ਜਨਮਾਂ ਨੇ ਲਾਏ ?

ਹੁਣ ਨਾ ਜੇ ਆਇਉਂ, ਤੇ ਫੇਰ ਕਦ ਆਉਣਾ ?
ਕਦ ਸੁੱਕੇ ਸਾਹਾਂ ਨੂੰ ਪਾਣੀ ਪਿਆਉਣਾ ?
ਚੰਦ  ਗੁੰਗਾ ਵੇ  !  ਏਥੇ ਸੂਰਜ ਵੀ ਅੰਨ੍ਹਾ
ਕੋਈ ਲੋਅ ਰਾਂਝਣਾ ਵੇ ! ਦੱਸ ਤੇਰੀ ਨਾ ਪਾਏ

ਮੁੜ ਚੱਲੇ ਮਹਿਰਮਾ ਵੇ ! ਏਥੋਂ ਹੰਸ ਤਿਹਾਏ
ਹਾਇ ਪੁੰਨਣਾ ਵੇ ! ਅਸੀਂ ਮੋਤੀ ਗੁਆਏ ।
ਤੈਨੂੰ ਯਾਦ ਕਰੇ  ਨੀ ਬਾਬਲ ਧਰਮੀ ਦਾ ਦੇਸ...
  
  ਦੇਸ ਤੇ ਵਿਦੇਸ਼ਾਂ ਵਿਚ ਵਸਦੀਆਂ ਧੀਆਂ ਦੇ ਨਾਂ:

ਜਿੱਥੇ ਉਡਦੀ ਫਿਰਦੀ ਸੀ, ਨੀ ਤੂੰ ਬਣ ਬਣ ਕੇ ਤਿਤਲੀ
ਜਿੱਥੇ ਖੇਡੇ ਸੀ ਗੀਟੇ, ਜਿੱਥੇ ਪਾਈ ਸੀ ਕਿੱਕਲੀ
ਜਿੱਥੇ ਚੜ੍ਹਦੀ ਜਵਾਨੀ ਵਾਲੀ ਦੇਖੀ ਵਰੇਸ
ਤੈਨੂੰ ਯਾਦ ਕਰੇ ਨੀ ਬਾਬਲ ਧਰਮੀ ਦਾ ਦੇਸ….

ਤੇਰੀ ਜੰਨ ਜਦ ਆਈ ਤਾਂ ਸਪੀਕਰ ਸੀ ਲੱਗੇ
ਤੇਰੀ ਡੋਲੀ ਸਜੀ ਤਾਂ ਢੋਲ-ਵਾਜੇ ਸੀ ਵੱਜੇ
ਤੇਰਾ ਛਣਕਿਆ ਚੂੜਾ ਘੁੰਡ ’ਚੋਂ ਮਾਹੀ ਨੂੰ ਦੇਖ
ਕਰੇ ਯਾਦ ਉਹ ਘੋੜੀਆਂ ਸੁਹਾਗਾਂ ਦਾ ਦੇਸ….

ਦੂਜੀ ਵਾਰ ਜਹਾਜ਼ ਦੀ ਡੋਲੀ ਚੜ੍ਹੀ ਤੂੰ
ਸਭ ਨੂੰ ਛੱਡ ਕੇ ਰੋਂਦੇ, ਆ ਪਰਦੇਸੀਂ ਵੜੀ ਤੂੰ
ਨਵੇਂ ਆਲ੍ਹਣੇ ਪਾਏ, ਨਵੇਂ ਘੜ ਲਏ ਲੇਖ
ਪਿੱਛੇ ਰਿਹਾ ਤੜਪਦਾ, ਭੈਣਾਂ ਵੀਰਾਂ ਦਾ ਦੇਸ….

ਉਥੇ ਅਜੇ  ਵੀ ਸੁੱਚੀਆਂ  ਪ੍ਰੀਤਾਂ ਦੀ ਡੋਰ
ਹੁਣ ਵੀ ਪਾਉਣ ਛਣਕਾਟੇ, ਉਥੇ ਝਾਂਜਰ ਦੇ ਬੋਰ
ਕੂ-ਕੂ ਕਰਦੀਆਂ ਕੋਇਲਾਂ, ਪੈਲਾਂ ਪਾਉਂਦੇ ਨੇ ਮੋਰ
ਕੁੜੀਆਂ ਬੁਣਦੀਆਂ ਦਰੀਆਂ, ਕੁੜੀਆਂ ਬੁਣਦੀਆਂ ਖੇਸ
ਤੈਨੂੰ ਯਾਦ ਕਰੇ ਨੀ, ੳਹੀਓ ਸਖੀਆਂ ਦਾ ਦੇਸ….

ਭਾਵੇਂ ਅੰਮੜੀ ਤੇ ਬਾਬਲ ਤੁਰ ਗਏ ਅਣਜਾਣੇ ਦੇਸ
ਭਾਵੇਂ ਢਹਿ ਗਏ ਨੇ ਕੋਠੇ, ਭਾਵੇਂ ਵਿਕ ਗਏ ਨੇ ਖੇਤ
ਫਿਰ ਵੀ ਮਿੱਟੀ ਤਾਂ ੳਹੀ, 'ਵਾਜਾਂ ਮਾਰੇ ਹਮੇਸ਼ 
ਤੈਨੂੰ ਯਾਦ ਕਰੇ ਨੀ, ਅੰਮੀ ਬਾਬਲ ਦਾ ਦੇਸ ।
ਕਦੇ ਵਿਸਰਦਾ ਨਹੀਂਓ ਬਾਬਲ ਧਰਮੀ ਦਾ ਦੇਸ......

  ਵਿਦੇਸ਼ਾਂ ਵਿੱਚ ਵਸਣ ਵਾਲਿਆਂ ਦੇ ਨਾਂ:

ਹੋਵੇ ਚੜ੍ਹਦੀ ਉਮਰ, ਭਾਵੇਂ ਲਹਿੰਦੀ ਵਰੇਸ
ਕਦੇ ਵਿਸਰਦਾ ਨਹੀਉਂ ਬਾਬਲ ਧਰਮੀ ਦਾ ਦੇਸ

ਪੋਲੇ ਪੱਬੀਂ ਤੁਰ ਪੈਂਦੈ ਇਹ ਜਹਾਜਾਂ ਦੇ ਪਿੱਛੇ
ਰਹੇ ਦਿੰਦਾ ਦੁਆਵਾਂ, ਤੱਤੀ ਠੰਢੜੀ ਰੁੱਤੇ
ਸੌਂਦੈ ਦਿਲ ਦੇ ਪੰਘੂੜੇ ਲੈ ਕੇ ਯਾਦਾਂ ਦਾ ਖੇਸ
ਕਦੇ ਵਿਸਰਦਾ ਨਹੀਉਂ .....................

ਭਾਵੇਂ ਜ਼ਿੰਦਗੀ ਦੇਵੇ ਰੋਜ਼ ਖੁਸ਼ੀਆਂ ਦੀ ਥਾਲੀ
ਭਾਵੇਂ ਸਰਘੀ ਨੂੰ ਹੋਲੀ, ਰੋਜ਼ ਰਾਤੀਂ ਦੀਵਾਲੀ
ਇ'ਕ ਦੀਵਾ ਬਲੇ  ਜੀ, ਦੂਰ ਅੰਬਰ ਦੇ ਹੇਠ
ਕਦੇ ਵਿਸਰਦਾ ਨਹੀਉਂ........................

ਇਹਦਾ ਰਿਸ਼ਤਾ ਏ ਛੇਕੜ ਵਾਲੇ ਸਾਹਵਾਂ ਦੇ ਨਾਲ
ਨਿਭੇ  ਪੁੱਤਾਂ ਦੇ ਨਾਲ ,ਨਿਭੇ ਮਾਂਵਾਂ ਦੇ ਨਾਲ
ਚਾਂਦੀ ਰੰਗੇ ਹੋ ਜਾਣ ਭਾਵੇਂ ਸ਼ਾਹ ਕਾਲੇ ਕੇਸ
ਕਦੇ ਵਿਸਰਦਾ ਨਹੀਉਂ.....................

ਭਾਵੇਂ ਕੀਲ ਕੇ ਰੱਖੇ ਜੀ, ਪਰਦੇਸਾਂ ਦੀ ਮਿੱਟੀ
ਫਿਰ ਵੀ ਆਪਣੇ ਪਿੰਡ ਜੇਹੀ ਕਿਧਰੇ ਨਾ ਮਿੱਠੀ
ਤਨ  ਝੂਟਦੈ ਪੀਂਘਾਂ ,  ਮਨ  ਕਰਦੈ   ਕਲੇਸ
ਕਦੇ ਵਿਸਰਦਾ ਨਹੀਉਂ ਬਾਬਲ ਧਰਮੀ ਦਾ ਦੇਸ......

ਹੋਵੇ  ਚੜ੍ਹਦੀ ਉਮਰ , ਭਾਵੇਂ  ਲਹਿੰਦੀ ਵਰੇਸ 
ਕਦੇ ਵਿਸਰਦਾ ਨਹੀਉਂ ਬਾਬਲ ਧਰਮੀ ਦਾ ਦੇਸ......।
ਤੇਰੇ  ਨਾਲ ਜਾਣ ਨੂੰ ਜੀਅ ਕਰਦਾ...   

ਬਾਂਕਿਆ  ਵੇ ਰਾਹੀਆ ! ਮੇਰੇ ਢੋਲ ਵੇ ਸਿਪਾਹੀਆ !
ਵੇ ਬਹਾਰਾਂ ਵਾਲੀ ਰੁੱਤੇ,  ਹਾਇ 'ਕਰਾਰਾਂ ਵਾਲੀ ਰੁੱਤੇ
ਮੇਰਾ ਜ਼ਿੰਦਗੀ ਹੰਢਾਣ ਨੂੰ ਜੀਅ ਕਰਦਾ
ਤੇਰੇ ਨਾਲ ਜਾਣ ਨੂੰ ਜੀ ਕਰਦਾ.........

ਚੁੰਨੀ ਫੁਲਕਾਰੀ  ਦਾ ਬੁਲਾਵੇ  ਹਰ  ਫੁੱਲ ਵੇ !
ਚੀਰੇ ਵਾਲਿਆ ਵੇ ! ਮੇਰਾ ਰੰਗ ਜਾਊ ਡੁੱਲ੍ ਵੇ !
ਤੇਰੇ ਤੱਤੇ ਰਾਹਾਂ ਉੱਤੇ,
ਭਿੱਜੀਆਂ ਮੁਹੱਬਤਾਂ ਦਾ, ਸਿੱਜੀਆਂ ਮੁਹੱਬਤਾਂ ਦਾ
ਰਿਮਝਿਮ-ਰਿਮਝਿਮ
ਮੇਰਾ ਮੀਂਹ ਵਰਸਾਣ ਨੂੰ ਜੀਅ ਕਰਦਾ
ਤੇਰੇ ਨਾਲ ਜਾਣ ਨੂੰ ਜੀਅ ਕਰਦਾ.......
  
ਸੁਣ ਮੇਰੇ ਟਿੱਕੇ ਦੀ ਪੁਕਾਰ ਇਕ ਸੱਜਣਾ !
ਮੱਥੇ ਉੱਤੇ ਹੋਰ ਨਾ ਉਡੀਕ ਲਿਖ ਸੱਜਣਾ !
ਹੁਣ ਅੱਖਾਂ ਵਿੱਚ,
ਤੈਨੂੰ ਸ਼ੀਸ਼ਾ ਵੇ ਬਣਾਕੇ, ਤੈਨੂੰ ਸਾਹਮਣੇ ਬਿਠਾ ਕੇ
ਲੁਕ ਲੁਕ-ਲੁਕ ਲੁਕ
ਮੇਰਾ ਕਜਲਾ ਪਾਣ ਨੂੰ ਜੀਅ ਕਰਦਾ
ਤੇਰੇ ਨਾਲ ਜਾਣ ਨੂੰ ਜੀਅ ਕਰਦਾ...

ਦੇਵੀਂ ਨਾ ਸਰਾਪ ਵੇ ਵਿਛੋੜੇ ’ਚ ਮਚਾਉਣ ਦਾ
ਰਾਤ ਭਰ ਹੰਝੂਆਂ ਦੀ ਨਦੀ ਵਿੱਚ ਨਾਹੁਣ ਦਾ
ਸੱਜਰੇ ਸਵੇਰੇ
ਤੈਨੂੰ ਰੁੱਸੇ ਨੂੰ ਮਨਾਉਣ ਲਈ, ਸੁੱਤੇ ਨੂੰ ਜਗਾਉਣ ਲਈ
ਛਣ ਛਣ-ਛਣ ਛਣ
ਮੇਰਾ ਵੰਗਾਂ ਛਣਕਾਣ ਨੂੰ ਜੀਅ ਕਰਦਾ
ਤੇਰੇ ਨਾਲ ਜਾਣ ਨੂੰ ਜੀਅ ਕਰਦਾ...

ਬਾਂਕਿਆ ਵੇ ਰਾਹੀਆ ! ਮੇਰੇ ਢੋਲ ਵੇ ਸਿਪਾਹੀਆ !
ਵੇ ਬਹਾਰਾਂ ਵਾਲੀ ਰੁੱਤੇ, ਹਾਇ 'ਕਰਾਰਾਂ ਵਾਲੀ ਰੁੱਤੇ
ਮੇਰਾ ਉਮਰ ਹੰਢਾਣ ਨੂੰ ਜੀਅ ਕਰਦਾ 
ਤੇਰੇ ਨਾਲ ਜਾਣ ਨੂੰ ਜੀਅ ਕਰਦਾ....।
ਚੁੰਨੀਏ  !  ਗੁਲਾਬ ਰੰਗੀਏ !

ਤੈਨੂੰ  ਮਾਹੀ ਦੇ ਆਏ ਤੋਂ ਲੈਣਾ
ਚੁੰਨੀਏ ! ਗੁਲਾਬ ਰੰਗੀਏ!............
ਲੈ ਨਾ ਲੂਹਰੀਆਂ ਤੂੰ ਮੰਨ ਮੇਰਾ ਕਹਿਣਾ
ਚੁੰਨੀਏ ! ਗੁਲਾਬ ਰੰਗੀਏ !............

ਪਰੀਆਂ ਦੇ ਦੇਸੋਂ ਤੇਰਾ ਰੇਸ਼ਮ ਮੰਗਾਇਆ ਮੈਂ
ਕੱਚੜਾ ਗੁਲਾਬੀ ਤੇਰਾ ਰੰਗ ਨੀਂ ਰੰਗਾਇਆ ਮੈਂ
ਉੱਤੇ ਜੜਿਆ ਸਿਤਾਰਿਆਂ ਦਾ ਗਹਿਣਾ
ਚੁੰਨੀਏ ! ਸ਼ਬਾਬ ਰੰਗੀਏ !...............

ਨਿੱਕਲ ਟਰੰਕੋਂ ਕਾਹਨੂੰ ਝਾਤੀਆਂ ਨੀਂ ਮਾਰੇਂ ਤੂੰ ?
ਦਰਦ  ਵਿਛੋੜੇ  ਵਾਲਾ ਹੋਰ ਵੀ ਉਭਾਰੇਂ ਤੂੰ
ਇਹਨਾਂ ਦਰਦਾਂ ਨੇ ਖਿੜ ਖਿੜ ਪੈਣਾ
ਚੁੰਨੀਏ ! ਮਤਾਬ ਰੰਗੀਏ !...............

ਤੈਨੂੰ ਉੱਤੇ ਲੈਕੇ ਉਹਦੇ ਸਾਹਮਣੇ ਮੈਂ ਜਾਊਂਗੀ
ਬਣ ਕੇ ਨਸ਼ਾ ਨੀਂ ਉਹਦੇ ਨੈਣਾਂ ’ਚ ਸਮਾਊਂਗੀ
ਇਸ ਨਸ਼ੇ ਨੇ ਸੱਜਣ ਲੁੱਟ ਲੈਣਾ
ਚੁੰਨੀਏ ! ਸ਼ਰਾਬ ਰੰਗੀਏ !...............

ਮੈਂ ਹਾਂ ਸੋਹਣੀ, ਮੇਰਾ ਮਹੀਂਵਾਲ ਬੜੀ ਦੂਰ ਨੀਂ
ਦਿਲਾਂ ਵਾਲੇ ਕੌਲ  ਉਹ ਨਿਭਾਊਗਾ ਜ਼ਰੂਰ ਨੀਂ
ਅਸੀਂ ਪਿਆਰ ਵਾਲੇ ਪਾਣੀਆਂ ’ਚ ਵਹਿਣਾ
ਚੁੰਨੀਏ ! ਚਨਾਬ ਰੰਗੀਏ !..................
ਤੈਨੂੰ ਮਾਹੀ ਦੇ ਆਏ ਤੋਂ ਲੈਣਾ 
ਚੁੰਨੀਏ ! ਗੁਲਾਬ ਰੰਗੀਏ !...............
ਰਾਹੀਆ  ਵੇ  ਮਤਵਾਲਿਆ !.........             

ਰਾਹੀਆ  ਵੇ ਮਤਵਾਲਿਆ !
ਘੁੱਟ ਪੀ ਜਾ ਪਾਣੀ
ਰੂਪ-ਪਟਾਰੀ ਵਾਲਿਆ!
ਕੋਈ ਦੇ ਜਾ ਨਿਸ਼ਾਨੀ

ਗੋਰੀਏ ਡੋਲ ਭਰੇਂਦੀਏ !
ਤੇਰਾ ਸ਼ਰਬਤ ਪਾਣੀ
ਕੀਲ ਪਟਾਰੀ ਪਾ ਲਿਆ
ਮੁੰਡਾ ਨਾਗਾਂ ਦਾ ਹਾਣੀ

ਰਾਹੀਆ ਧੁੱਪ ਦੇ ਪੇੜਿਆ !
ਆ ਛਾਵੇਂ ਬਹਿ ਜਾ
ਮੇਰੀ ਸੁਣ ਜਾ ਹਾਣੀਆ !
ਕੋਈ ਆਪਣੀ ਕਹਿ ਜਾ

ਕੁੜੀਏ ਹੀਰ ਸਲੇਟੀਏ !
ਮੈੈਨੂੰ ਰਾਂਝਾ ਕਰਦੇ
ਗਠੜੀ ਦੇ ਵਿੱਚ ਸੋਹਣੀਏ
ਕੋਈ ਵਾਅਦਾ ਧਰ ਦੇ !

ਰਾਹੀਆ ਟੂਣੇ-ਹਾਰਿਆ !
ਖੂਹ ਤੇ ਪਿੱਪਲ ਲੁਆ ਦੇ
ਪ੍ਰੀਤਾਂ ਦੀ ਲੱਜ ਵੱਟ ਕੇ !
ਉਤੇ ਪੀਂਘ ਪੁਆ ਦੇ

ਗੋਰੀਏ ਪੀਂਘ ਝੂਟੇਂਦੀਏ !
ਇਹਨੂੰ ਅੰਬਰੀਂ ਚਾੜ੍ਹੀਂ
ਸੂੁਰਜ-ਰੁੱਖ ਹਿਲਾ ਦਵੀਂ
ਮੁੱਠ ਕਿਰਨਾਂ ਝਾੜੀਂ

ਰਾਹੀਆ ਤੁਰਿਆ ਜਾਂਦਿਆ !
ਕੋਈ ਦੇ ਜਾ ਨਿਸ਼ਾਨੀ
ਕਿੱਦਾਂ ਕੱਟੂਗੀ ਰਾਤ ਵੇ
ਕਿੱਦਾਂ ਬੀਤੂ ਜਵਾਨੀ ?

ਗੋਰੀਏ ਅੱਖ ਭਰੇਂਦੀਏ !
ਦਿਲ ਲੈ ਲੈ ਨਿਸ਼ਾਨੀ
ਸੁਫਨੇ ਰਾਤ ਕਟਾਉਣਗੇ
ਤੇਰੀ ਬਣ ਜੂ ਕਹਾਣੀ ।


ਸਾਡੀ  ਗੀਤਾਂ ਵਾਲੀ ਵਰੇਸ ਵੇ....

ਸਾਡੀ  ਗੀਤਾਂ ਵਾਲੀ ਵਰੇਸ ਵੇ ! ਨਾ ਨਾਗਾਂ ਦੇ ਵੱਸ ਪਾ
ਅਸੀਂ ਕੁੱਖ ਦੀ ਉਮਰੇ ਲੈ ਲਏ, ਕਈ ਨ੍ਹੇਰੇ ਸਾਕ ਹੰਢਾ

ਅਸੀਂ ਖੋਪਾ-ਗਰੀਆਂ ਅੰਮੜੀਏ !
ਨਾਲੇ ਕੱਚੀਆਂ ਨਾਲੇ ਮਿੱਠੀਆਂ
ਅਸੀਂ ਚੁੰਨੀ ਦੇ ਵਿੱਚ ਬੰਨ੍ਹ ਲਏ
ਨਾਲੇ ਤਾਰੇ ਨਾਲੇ ਗਿੱਟੀਆਂ
ਸਾਡੇ ਮੂਹਰਿਉਂ ਚੁੱਕ ਲੈ ਚਰਖੜਾ
ਸਾਨੂੰ ਗ੍ਹੀਟੜਿਆਂ ਦਾ ਚਾਅ
ਸਾਡੀ ਗੀਤਾਂ ਵਾਲੀ ਵਰੇਸ ਵੇ ! ਨਾ ਨਾਗਾਂ ਦੇ ਵੱਸ ਪਾ

ਇਥੇ ਉਤਰੀਆਂ ਭੁੱਲ-ਭੁਲੇਖੜੇ
ਅਸੀਂ ਕੋਹ-ਕਾਫ ਦੀਆਂ ਜਾਈਆਂ
ਸੁਣ ਬਾਬਲ ਕਰਮਾਂ ਵਾਲਿਆ !
ਤੇਰੇ ਘਰ ਵੇ ਪ੍ਰਾਹੁਣੀਆਂ ਆਈਆਂ
ਸਾਡੇ ਸੁਫਨੇ ਹਾਣੀ ਅੰਬਰ ਦੇ
ਸਾਡੇ ਏਡੇ-ਕੇਡੇ ਚਾਅ
ਸਾਡੀ ਗੀਤਾਂ ਵਾਲੀ ਵਰੇਸ ਵੇ ! ਨਾ ਨਾਗਾਂ ਦੇ ਵੱਸ ਪਾ

ਅਸੀਂ ਕੱਚੀ ਉਮਰੇ ਲੈ ਲਏ, ਕਈ ਨ੍ਹੇਰੇ ਸਾਕ ਹੰਢਾ
ਸਾਡੀ ਸਰਘੀਆਂ ਵਾਲੀ ਵਰੇਸ ਵੇ !
ਸਾਡੀ ਗੀਤਾਂ ਵਾਲੀ ਵਰੇਸ ਵੇ !....

Thursday, 4 August 2016



 ਆਇਆ ਸਹੀਓ ! ਆਇਆ ਮਾਹੀ .....
                             
ਆਇਆ ਸਹੀਓ ! ਆਇਆ ਮਾਹੀ ਸਾਡੇ ਨੀਂ ਘਰੇ
ਧੜਕਣ   ਨੱਚੇ , ਦਿਲ  ਗੁਟ੍ਹਕੂੰ  ਕਰੇ
ਹੱਸੀਆਂ ਚੁਗਾਠਾਂ, ਜਿਕੂੰ ਮੋਰ ਬੋਲ ਪਏ
ਝੂਮ ਝੂਮ ਬੂਹਾ ਪੈਲਾਂ ਪਾਉਣ ਨੂੰ ਕਰੇ

ਵਿਹੜੇ ਵਿੱਚ ਖੁਸ਼ੀਆਂ ਨੇ ਪਾਈਆਂ ਬੋਲੀਆਂ
ਮੱਥੇ ' ਨਸੀਬ ਲੱਗੇ ਪਾਉਣ ਭੰਗੜੇ
ਸਾਰੇ  ਸਾਡੇ  ਅੱਥਰੂ ਤ੍ਰੇਲ ਬਣ ਗਏ
ਸੁੱਕੇ ਪੱਤੇ ਨਿੰਮ ਦੇ ਵੀ ਹੋ ਗਏ ਹਰੇ

ਵੀਣੀ ਉੱਤੇ ਚੂੜੀਆਂ ਨੇ ਪਾਈ ਕਿੱਕਲੀ
ਲੌਂਗ ਲਿਸ਼ਕਾਰੇ  ਮਾਰੇ ਹੱਦ  ਤੋਂ ਪਰ੍ਹੇ
ਸਾਹਾਂ ਵਿੱਚ ਮਿੱਠੇ ਮਿੱਠੇ ਰਾਗ ਨੀਂ ਛਿੜੇ
ਅੰਬਰਾਂ ਤੋਂ ਗੋਰੀ ਗੋਰੀ ਚਾਨਣੀ ਵਰ੍ਹੇ

ਪੋਲੇ ਪੋਲੇ ਪੈਰੀਂ ਜਦ ਮਾਹੀ ਨੀਂ ਤੁਰੇ
ਮੱਠੀ ਮੱਠੀ ਠੰਢ ਸਾਡੇ ਸੀਨੇ ' ਵੜੇ
ਜਿੱਥੋਂ ਚੁੱਕੇ ਪੱਬ ਉਥੇ ਖਿੜੇ ਨੀਂ ਗੁਲਾਬ
ਖੁਸ਼ਬੋ ਦੇ ਨਾਲ  ਸਾਰਾ ਘਰ ਨੀਂ ਭਰੇ

ਗਲ ਵਿੱਚ ਸਾਡੇ ਪਾਵੇ ਸੂਰਜਾਂ ਦਾ ਹਾਰ
ਇੱਕ ਇੱਕ ਤਾਰਾ ਸਾਡੇ ਹੱਥ 'ਤੇ ਧਰੇ
ਗੱਲ੍ਹਾਂ ਉੱਤੇ ਹੰਝੂਆਂ ਦੀ ਨਦੀ ਨੀਂ ਵਗੇ
ਹੌਲੀ ਹੌਲੀ ਮਾਹੀ ਸਾਡਾ,ਘੁੱਟ ਨੀਂ ਭਰੇ

ਆਇਆ ਸਹੀਓ!ਆਇਆ ਮਾਹੀ ਸਾਡੇ ਨੀਂ ਘਰੇ
ਧੜਕਣ  ਨੱਚੇ , ਦਿਲ  ਗੁਟ੍ਹਕੂੰ   ਕਰੇ
ਹੱਸੀਆਂ ਚੁਗਾਠਾਂ, ਜਿਕੂੰ ਮੋਰ ਬੋਲ ਪਏ 
ਝੂਮ ਝੂਮ ਬੂਹਾ ਪੈਲਾਂ ਪਾਉਣ ਨੂੰ ਕਰੇ ।